ਕਿਸ਼ਤ ਲੇਟ ਹੋਣ ''ਤੇ ਫਾਇਨਾਂਸ ਕੰਪਨੀ ਨੇ ਖੋਹਿਆ ਟਰੈਕਟਰ, ਕਿਸਾਨ ਨੇ ਕੀਤੀ ਖੁਦਕੁਸ਼ੀ

02/07/2020 11:20:10 AM

ਸੰਗਤ ਮੰਡੀ (ਮਨਜੀਤ) : ਪਿੰਡ ਮੱਲਵਾਲਾ ਵਿਖੇ ਇਕ ਨੌਜਵਾਨ ਕਿਸਾਨ ਦਾ ਫਾਇਨਾਂਸ ਕੰਪਨੀ ਵੱਲੋਂ ਟਰੈਕਟਰ ਖੋਹਣ 'ਤੇ ਜ਼ਹਿਰੀਲੀ ਸਪਰੇਅ ਪੀ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੁਖਨਪ੍ਰੀਤ ਸਿੰਘ (19) ਪੁੱਤਰ ਇਕਬਾਲ ਸਿੰਘ ਨੇ ਸਾਲ 2017 'ਚ ਤਲਵੰਡੀ ਸਾਬੋ ਦੀ ਇਕ ਫਾਇਨਾਂਸ ਕੰਪਨੀ ਰਾਹੀਂ ਮਹਿੰਦਰਾ 855 ਟਰੈਕਟਰ ਲਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਵੱਲੋਂ ਟਰੈਕਟਰ ਲੈਣ ਸਮੇਂ ਸਵਾ ਲੱਖ ਰੁਪਏ ਨਕਦ ਦਿੱਤੇ ਸਨ, ਉਸ ਤੋਂ ਬਾਅਦ ਉਕਤ ਕਿਸਾਨ ਵੱਲੋਂ ਲਗਾਤਾਰ ਪੰਜ ਕਿਸ਼ਤਾਂ ਹੋਰ ਭਰੀਆਂ ਗਈਆਂ ਜੋ ਕਿ ਪ੍ਰਤੀ ਕਿਸ਼ਤ 84 ਹਜ਼ਾਰ ਰੁਪਏ ਬਣਦੀ ਸੀ। ਦਸੰਬਰ ਮਹੀਨੇ 'ਚ ਕਿਸੇ ਵਜ੍ਹਾ ਕਰ ਕੇ ਕਿਸ਼ਤ ਲੇਟ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਕਿਸ਼ਤ ਭਰਨ ਲਈ ਫਾਇਨਾਂਸ ਕੰਪਨੀ ਦੇ ਦਫ਼ਤਰ ਵੀ ਗਿਆ ਸੀ ਪਰ ਕੰਪਨੀ ਵੱਲੋਂ ਉਸ ਦੀ ਸਮੇਂ ਸਿਰ ਕਿਸ਼ਤ ਨਹੀਂ ਭਰਵਾਈ ਗਈ। ਕੁਝ ਦਿਨਾਂ ਬਾਅਦ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਉਕਤ ਕਿਸਾਨ ਦਾ ਟਰੈਕਟਰ ਖੋਹ ਕੇ ਲੈ ਗਏ, ਜਿਸ ਕਾਰਣ ਕਿਸਾਨ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪ੍ਰੇਸ਼ਾਨੀ ਦੇ ਕਾਰਣ ਉਸ ਨੇ ਖੇਤ 'ਚ ਪਈ ਜ਼ਹਿਰੀਲੀ ਸਪਰੇਅ ਪੀ ਲਈ। ਪਰਿਵਾਰਕ ਮੈਂਬਰਾਂ ਵੱਲੋਂ ਉਕਤ ਕਿਸਾਨ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਦੋ ਦਿਨਾਂ ਬਾਅਦ ਉਸ ਦੇ ਸਾਹਾਂ ਦੀ ਤੰਦ ਟੁੱਟ ਗਈ।

ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਨਪ੍ਰੀਤ ਸਿੰਘ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ 'ਤੇ ਮਹਿੰਦਰਾ ਫਾਇਨਾਂਸ ਕੰਪਨੀ ਦੇ ਕਰਮਚਾਰੀ ਰਵੀ ਸਿੰਘ ਸਮੇਤ ਅੱਧੀ ਦਰਜਨ ਤੇ ਕਰੀਬ ਅਣਪਛਾਤੇ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਕਿਸਾਨ ਹਾਲੇ ਕੁਆਰਾ ਸੀ, ਮਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬਾਪ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਸੁਖਨਪ੍ਰੀਤ ਘਰ 'ਚ ਇਕੱਲਾ ਹੀ ਪਿਉ ਦਾ ਸਹਾਰਾ ਤੇ ਕਮਾਊ ਪੁੱਤ ਸੀ। ਅਚਨਚੇਤ ਵਾਪਰੀ ਇਸ ਘਟਨਾ ਕਾਰਣ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਦੇਸ਼ ਦਾ ਪੇਟ ਭਰਨ ਵਾਲਾ ਅੰਨਦਾਤਾ ਕਿਸੇ ਨਾ ਕਿਸੇ ਤਰੀਕੇ ਨਾਲ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਕਤ ਕਿਸਾਨ ਵੱਲੋਂ ਸਮੇਂ ਸਿਰ ਟਰੈਕਟਰ ਦੀਆਂ ਕਿਸ਼ਤਾਂ ਭਰੀਆਂ ਜਾ ਰਹੀਆਂ ਸਨ ਪਰ ਫਿਰ ਵੀ ਫਾਇਨਾਂਸ ਕੰਪਨੀ ਦੇ ਕੁਝ ਮੁਲਾਜ਼ਮ ਕਿਸਾਨ ਨੂੰ ਜ਼ਲੀਲ ਕਰ ਕੇ ਉਸ ਤੋਂ ਟਰੈਕਟਰ ਖੋਹ ਕੇ ਲੈ ਗਏ। ਕਿਸਾਨ ਵੱਲੋਂ ਆਪਣੀ ਬੇਇਜ਼ਤੀ ਨਾ ਸਹਾਰਦਿਆਂ ਜ਼ਹਿਰੀਲੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਫਾਇਨਾਂਸ ਕੰਪਨੀ ਦੇ ਮਾਲਕ ਸਮੇਤ ਦੂਸਰੇ ਮੁਲਾਜ਼ਮਾਂ 'ਤੇ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਉਨ੍ਹਾਂ ਦੇ ਨਾਲ ਹੈ, ਜੇਕਰ ਇਸ ਮਾਮਲੇ 'ਚ ਸੰਘਰਸ਼ ਕਰਨਾ ਪਿਆ ਤਾਂ ਉਹ ਪਰਿਵਾਰ ਦਾ ਪੂਰਾ ਸਾਥ ਦੇਣਗੇ।


cherry

Content Editor

Related News