ਸਮਾਣਾ ''ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 84 ਹੋਈ

07/16/2020 2:19:18 AM

ਸਮਾਣਾ,(ਦਰਦ)-ਸਮਾਣਾ ਸ਼ਹਿਰ ਵਿਚ ਕੋਰੋਨਾ ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। 12 ਜੁਲਾਈ ਦੇ ਪੈਡਿੰਗ ਸੈਂਪਲਾਂ ਦੀ ਬੁਧਵਾਰ ਸਵੇਰੇ ਪ੍ਰਾਪਤ ਰਿਪੋਰਟਾਂ ਵਿਚ ਪੰਜ ਵਿਅਕਤੀਆਂ ਦੇ ਵਾਇਰਸ ਪਾਜੇਟਿਵ ਆਉਣ ਨਾਲ ਸ਼ਹਿਰ ਵਿਚ ਕੁਲ ਕੋਰੋਨਾ ਵਾਇਰਸਾ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚ ਪੀਰਗੋਰੀ ਮੁੱਹਲਾ ਅਤੇ ਤੇਜ ਕਲੋਨੀ ਦੇ ਤਿੰਨ ਲੋਕਾਂ ਤੋਂ ਇਲਾਵਾ ਮਾਰਕੀਟ ਕਮੇਟੀ ਦਫਤਰ ਵਿਚ ਕੰਮ ਕਰਦੀ ਇਕ ਔਰਤ ਵੀ ਸ਼ਾਮਿਲ ਹੈ। ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ ਨੌਜਵਾਨ ਹਨ। ਐਸ.ਐਮ.ਓ. ਡਾ: ਸਤਿੰਦਰਪਾਲ ਸਿੰਘ ਦੇ ਅਨੁਸਾਰ ਬੁਧਵਾਰ ਨੂੰ ਪ੍ਰਾਪਤ ਕੀਤੇ 39 ਲੋਕਾਂ ਦੇ ਵਾਇਰਸ ਸੈਂਪਲਾਂ ਤੋਂ ਇਲਾਵਾ ਮੰਗਲਵਾਰ ਦੇ 34 ਅਤੇ ਸੋਮਵਾਰ ਦੇ 21 ਪੈਡਿੰਗ ਰਿਪੋਰਟ ਸਹਿਤ 94 ਲੋਕਾਂ ਦੀ ਕੋਰੋਨਾ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵਿਚ ਕੰਮ ਕਰਦੀ ਔਰਤ ਦੇ ਪਾਜ਼ੇਟਿਵ ਆਉਣ ਕਾਰਨ ਕਮੇਟੀ ਦਫਤਰ ਵਿਚ ਕੰਮ ਕਰਦੇ ਸਾਰੇ 30 ਲੋਕਾਂ ਦੇ ਕੋਰੋਨਾ ਸੈਂਪਲ ਵੀਰਵਾਰ ਨੂੰ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਕੇ ਆਪਣਾ ਬਚਾਅ ਰੱਖਣ ਦੀ ਅਪੀਲ ਕੀਤੀ।

ਕੋਰੋਨਾ ਪਾਜ਼ੇਟਿਵ 54 ਸਾਲਾ ਔਰਤ ਦੀ ਮੌਤ
ਸ਼ਹਿਰ ਨਾਲ ਲੱਗਦੇ ਪਿੰਡ ਮੁਰਾਦਪੁਰਾ ਦੀ ਇਕ 54 ਸਾਲਾ ਕੋਰੋਨਾ ਪਾਜ਼ੇਟਿਵ ਔਰਤ ਦੀ ਬੁੱਧਵਾਰ ਨੂੰ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ ਪ੍ਰਸਾਸ਼ਨ ਵੱਲੋਂ ਪਟਿਆਲਾ ਤੋਂ ਆਏ ਸਿਹਤ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ਵਿਚ ਪਿੰਡ ਦੇ ਸ਼ਮਸਾਨਘਾਟ ਵਿਚ ਕਰ ਦਿੱਤਾ ਗਿਆ। ਐਸ.ਐਮ.ਓ. ਰੁਰਲ ਸ਼ੁਤਰਾਣਾ ਡਾ: ਦਰਸ਼ਨ ਕੁਮਾਰ ਦੇ ਅਨੁਸਾਰ ਸੋਮਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ ਇਲਾਜ ਅਧੀਨ ਦਾਖ਼ਲ ਦਿਲ ਦੀ ਬੀਮਾਰੀ ਤੋਂ ਪੀੜ੍ਹਤ ਉਕਤ ਔਰਤ ਦੇ ਲਏ ਕੋਰੋਨਾ ਵਾਇਰਸ ਸੈਂਪਲ ਦੀ ਰਿਪੋਰਟ ਮੰਗਲਵਾਰ ਰਾਤ ਨੂੰ ਪਾਜੇਟਿਵ ਪ੍ਰਾਪਤ ਹੋਈ ਸੀ।


Deepak Kumar

Content Editor

Related News