ਲਾਕਡਾਊਨ ਕਾਰਨ ਕਮਾਦ ਨਾ ਵਿਕਣ ਕਰਕੇ ਕਿਸਾਨ ਨੇ ਆਪਣੇ ਖੇਤ ਨੂੰ ਅੱਗ ਲਗਾਈ

06/30/2020 4:06:08 PM

ਸਾਦਿਕ (ਪਰਮਜੀਤ): ਲਾਕਡਾਊਨ ਕਾਰਨ ਸਾਦਿਕ ਦੇ ਕਿਸਾਨ ਦੀ ਕਮਾਦ ਦੀ ਫਸਲ ਨਾ ਵਿਕਣ ਕਰਕੇ ਅੱਕੇ ਕਿਸਾਨ ਵੱਲੋਂ ਆਪਣੇ ਕਮਾਦ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਾਦਿਕ ਦੇ ਸੰਗਤਪੁਰਾ ਵਾਲੀ ਸੜਕ 'ਤੇ ਰਹਿੰਦੇ ਜਗਤਾਰ ਸਿੰਘ ਪੁੱਤਰ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪੰਜ ਏਕੜ ਜ਼ਮੀਨ ਵਿਚੋਂ ਦੋ ਏਕੜ ਗੰਨੇ ਦੀ ਕਾਸ਼ਤ ਕੀਤੀ। ਇਹ ਗੰਨਾ ਉਸ ਨੇ ਗੁੜ ਬਣਾਉਣ ਵਾਲਿਆਂ ਅਤੇ ਗੰਨੇ ਦਾ ਜੂਸ ਵੇਚਣ ਵਾਲਿਆਂ ਨੂੰ ਵੇਚਣਾ ਸੀ। ਮਾਰਚ ਤੋਂ ਲਾਕਡਾਊਨ ਲੱਗ ਜਾਣ ਕਾਰਨ ਨਾ ਜੂਸ ਵਾਲੀਆਂ ਰੇੜੀਆਂ ਦਾ ਕੰਮ ਚੱਲਿਆ ਤੇ ਨਾ ਹੀ ਗੁੜ ਬਣਾਉਣ ਵਾਲਿਆਂ ਨੇ ਕੰਮ ਸ਼ੁਰੂ ਕੀਤਾ। ਜਿਸ ਕਰਕੇ ਦੋ ਏਕੜ ਵਿੱਚ ਲੱਗਾ ਗੰਨਾ ਗਰਮੀ ਕਾਰਨ ਸੁੱਕਣ ਲੱਗਾ ਤੇ ਫਿਰ ਬਿਮਾਰੀ ਪੈ ਗਈ।

PunjabKesari

ਹੁਣ ਇਸ ਵਿਚੋਂ ਰਸ ਵੀ ਘੱਟ ਹੋ ਰਿਹਾ ਸੀ ਤੇ ਕੋਈ ਖਰੀਦਦਾਰ ਨਹੀਂ ਸੀ। ਨਜ਼ਦੀਕ ਕੋਈ ਗੰਨਾ ਮਿੱਲ ਹੋਣ ਕਾਰਨ ਕਿਸੇ ਫੈਕਟਰੀ ਨੂੰ ਵੀ ਵੇਚਿਆ ਨਹੀਂ ਜਾ ਸਕਿਆ। ਇਸ ਰਕਬੇ ਵਿਚ ਉਸ ਨੇ ਕੁਝ ਕੁ ਗੰਨਾ ਵੇਚਿਆ ਵੀ, ਪਰ ਬਾਕੀ ਕਿਸੇ ਨੇ ਨਾਲ ਲਿਆ। ਅਖੀਰ ਉਸ ਨੂੰ ਅਗਲੀ ਫਸਲ ਬੀਜਣ ਲਈ ਗੰਨੇ ਨੂੰ ਅੱਗ ਲਗਾਉਣ ਲਈ ਮਜਬੂਰ ਹੋਣਾ ਪਿਆ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਅਗਰ ਲਾਕਡਾਊਨ ਨਾ ਲੱਗਾ ਹੁੰਦਾ ਤਾਂ ਉਸ ਨੇ ਦੋ ਲੱਖ ਰੁਪਏ ਵੱਟ ਲੈਣੇ ਸਨ ਜਾਂ ਉਸ ਨੇ ਅੱਗੇ ਕਿਸੇ ਫੈਕਟਰੀ ਨੂੰ ਵੇਚ ਦੇਣਾ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦਾ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹੁਣ ਖੇਤ ਦੀ ਤਿਆਰੀ ਕਰਕੇ ਬਾਸਮਤੀ ਜਾਂ ਝੋਨਾ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਦੁਖੀ ਕਿਸਾਨ ਨੇ ਮੰਗ ਕੀਤੀ ਕਿ ਉਸ ਦਾ ਲਾਕਡਾਊਨ ਕਾਰਨ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।


Shyna

Content Editor

Related News