ਖੇਤ ਮਜ਼ਦੂਰਾਂ ਨੂੰ ਕਰਜ਼ੇ ''ਚ ਡੋਬਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਜ਼ਿੰਮੇਵਾਰ : ਚੀਮਾ

07/15/2020 2:15:04 AM

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੇਤ ਮਜ਼ਦੂਰਾਂ 'ਤੇ ਪਿਛਲੇ 30 ਸਾਲਾਂ ਵਿਚ 61 ਫੀਸਦੀ ਕਰਜ਼ਾ ਵਧਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਬੇਈਮਾਨ ਨੀਅਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਕਿਸਾਨਾਂ ਅਤੇ ਭੂਮੀਹੀਣ ਗ਼ਰੀਬਾਂ-ਖੇਤ ਮਜ਼ਦੂਰਾਂ ਨੂੰ ਵੋਟਾਂ ਲਈ ਹੀ ਵਰਤਿਆ ਹੈ, ਪਰ ਕੀਤੇ ਚੋਣ ਵਾਅਦੇ ਕਦੇ ਵੀ ਨਹੀਂ ਨਿਭਾਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ 562 ਚੋਣ ਵਾਅਦਿਆਂ ਵਿਚੋਂ 328 ਪੂਰੀ ਤਰ੍ਹਾਂ ਅਤੇ 97 ਕਾਫ਼ੀ ਹੱਦ ਤੱਕ ਪੂਰੇ ਕਰ ਲੈਣ ਦੇ ਝੂਠੇ ਅਤੇ ਫ਼ਰੇਬੀ ਦਾਅਵੇ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ। ਚੀਮਾ ਨੇ ਪੁੱਛਿਆ ਕਿ ਕੈ. ਅਮਰਿੰਦਰ ਸਿੰਘ ਸਪੱਸ਼ਟ ਕਰਨ ਕਿ ਬੇਜ਼ਮੀਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਕਿੰਨੇ ਕਰਜ਼ੇ ਮੁਆਫ਼ ਕੀਤੇ ਹਨ? ਚੀਮਾ ਮੁਤਾਬਿਕ ਜੇਕਰ ਕੈਪਟਨ ਆਪਣੇ ਚੋਣ ਵਾਅਦਿਆਂ ਪ੍ਰਤੀ ਥੋੜ੍ਹਾ-ਬਹੁਤ ਵੀ ਸੰਜੀਦਾ ਰਹਿੰਦੇ ਤਾਂ ਖੇਤ ਮਜ਼ਦੂਰਾਂ ਨੂੰ 20 ਪ੍ਰਤੀਸ਼ਤ ਤੋਂ ਵੀ ਵੱਧ ਵਿਆਜ ਦਰ 'ਤੇ ਕਰਜ਼ੇ ਚੁੱਕਣ ਦੀ ਨੌਬਤ ਨਾ ਆਉਂਦੀ।
ਚੀਮਾ ਨੇ ਮਾਹਿਰਾਂ ਵਲੋਂ ਕੀਤੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉਥੇ ਖੇਤ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਹਨ। ਚੀਮਾ ਨੇ ਆਖਿਆ ਕਿ ਤਾਜ਼ਾ ਰਿਪੋਰਟ ਅਨੁਸਾਰ ਸਾਲ 2000 ਤੋਂ ਸਾਲ 2018 ਤੱਕ ਖੇਤ ਮਜ਼ਦੂਰਾਂ ਨੇ 7300 ਆਤਮ ਹੱਤਿਆਵਾਂ ਕੀਤੀਆਂ ਹਨ, ਜਿੰਨ੍ਹਾਂ 'ਚ 5765 ਦਾ ਇਕ ਮਾਤਰ ਕਾਰਨ ਕਰਜ਼ੇ ਦਾ ਬੋਝ ਰਿਹਾ ਹੈ।


Deepak Kumar

Content Editor

Related News