ਐੱਸ. ਐੱਚ. ਓ. ਨੇ ਕਾਂਗਰਸੀ ਆਗੂ ’ਤੇ ਵਰਦੀ ਪਾੜ ਕੇ ਹਮਲਾ ਕਰਨ ਦੇ ਲਾਏ ਦੋਸ਼

03/26/2022 1:02:59 PM

ਬਠਿੰਡਾ (ਵਰਮਾ) : ਸ਼ੁੱਕਰਵਾਰ ਨੂੰ ਥਾਣਾ ਰਾਮਪੁਰਾ ਫੂਲ ਦੇ ਐੱਸ. ਐੱਚ. ਓ., ਕਾਂਗਰਸੀ ਆਗੂ ਅਤੇ ਫੂਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਹਮਲੇ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਡੀ. ਐੱਸ. ਪੀ. ਰਾਮਪੁਰਾ ਫੂਲ ਸਤਨਾਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਪੁਲਸ ਕੋਲ ਸ਼ਿਕਾਇਤ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਥਾਣਾ ਰਾਮਪੁਰਾ ਫੂਲ ਦੇ ਐੱਸ. ਐੱਚ. ਓ. ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚੌਕੀਦਾਰ ਨੇ ਸਿਟੀ ਕੌਂਸਲਰ ਦੇ ਸਾਬਕਾ ਪ੍ਰਧਾਨ ਸੁਰਿੰਦਰ ਬਾਂਸਲ ਉਰਫ਼ ਨੰਨੀ ਬਾਂਸਲ ਖ਼ਿਲਾਫ਼ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ ਕਾਰਨ ਪੁਲਸ ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਦੋਵਾਂ ਧਿਰਾਂ ’ਤੇ 107-151 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਥਾਣਾ ਸਿਟੀ ਦੇ ਸਾਬਕਾ ਪ੍ਰਧਾਨ ਬਾਂਸਲ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਕੁੱਟ-ਮਾਰ ਕੀਤੀ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਕਾਂਗਰਸੀ ਆਗੂ ਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਹੁਣ ਉਸ ਦੀ ਵਰਦੀ ਪਾੜ ਦਿੱਤੀ ਹੈ। ਅਗਲੇ ਸਮੇਂ ਵਿਚ ਉਹ ਵਰਦੀ ਲਾਹ ਦੇਵੇਗਾ। ਉਸ ਨੇ ਆਪਣੇ ’ਤੇ ਹੋਏ ਹਮਲਿਆਂ ਦੀ ਸ਼ਿਕਾਇਤ ਡੀ. ਐੱਸ. ਪੀ. ਫੂਲ ਨੂੰ ਦਿੱਤੀ ਅਤੇ ਫੂਲ ਹਸਪਤਾਲ ਤੋਂ ਉਸ ਦਾ ਮੈਡੀਕਲ ਕਰਵਾਇਆ।

ਇਹ ਵੀ ਪੜ੍ਹੋ : ਪੈਨਸ਼ਨ 'ਤੇ ਵੱਡੇ ਫ਼ੈਸਲੇ ਮਗਰੋਂ ਹੁਣ ਵਿਧਾਇਕਾਂ ਦੀ ਤਨਖ਼ਾਹ 'ਤੇ ਟੈਕਸ ਸਬੰਧੀ ਉੱਠਣ ਲੱਗੀ ਇਹ ਮੰਗ

ਦੂਜੇ ਪਾਸੇ ਰਾਮਪੁਰਾ ਫੂਲ ਦੇ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਬਾਂਸਲ ਉਰਫ਼ ਨੰਨੀ ਬਾਂਸਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਐੱਸ. ਐੱਚ. ਓ. ਮਨਪ੍ਰੀਤ ਸਿੰਘ ਉਸ ਨੂੰ ਥਾਣੇ ਬੁਲਾ ਕੇ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਦੋਂ ਉਸ ਨੇ ਐੱਸ. ਐੱਚ. ਓ. ਨੂੰ ਕੇਸ ਦਰਜ ਕਰਨ ਦਾ ਕਾਰਨ ਪੁੱਛਿਆ ਤਾਂ ਐੱਸ. ਐੱਚ. ਓ. ਸਮੇਤ ਥਾਣੇ ਦੀ ਹੋਰ ਪੁਲਸ ਨੇ ਉਸ ’ਤੇ ਕਈ ਤਰ੍ਹਾਂ ਦੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਆਪਣਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਪਹੁੰਚੀਆਂ ਅਤੇ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਦੋਸ਼ ਲਗਾਉਂਦੇ ਹੋਏ ਡੀ. ਐੱਸ. ਪੀ. ਫੂਲ ਸਤਨਾਮ ਸਿੰਘ ਨੂੰ ਸ਼ਿਕਾਇਤ ਦਿੱਤੀ।

ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ : ਡੀ. ਐੱਸ. ਪੀ.

ਰਾਮਪੁਰਾ ਫੂਲ ਦੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ ਹੈ। ਦੋਵਾਂ ਧਿਰਾਂ ਵੱਲੋਂ ਪੁਲਸ ਕੋਲ ਸ਼ਿਕਾਇਤਾਂ ਪੁੱਜ ਗਈਆਂ ਹਨ। ਪੁਲਸ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News