ਪੇਂਡੂ ਗਰੀਬ ਲੋਕਾਂ ਨੂੰ ਮਿਲਣਗੇ ਪੱਕੇ ਘਰ : ਵਧੀਕ ਡਿਪਟੀ ਕਮਿਸ਼ਨਰ

08/09/2020 11:37:00 PM

ਮਾਨਸਾ,(ਸੰਦੀਪ ਮਿੱਤਲ)- ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਵਿਚ ਵਸਦੇ ਉਹ ਗਰੀਬ ਲੋਕ ਜਿਹੜੇ ਆਪਣਾ ਘਰ ਨਹੀਂ ਬਣਾ ਸਕਦੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਅਧੀਨ ਪੱਕੇ ਘਰਾਂ ਦੀ ਉਸਾਰੀ ਕਰਨ ਲਈ ਗਰਾਂਟ ਦਿੱਤੀ ਜਾ ਰਹੀ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲਾ ਮਾਨਸਾ ਵਿਚ 765 ਪਰਿਵਾਰਾਂ ਨੂੰ ਇਸ ਸਕੀਮ ਅਧੀਨ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨੂੰ ਤਿੰਨ ਕਿਸ਼ਤਾਂ ਵਿਚ 1,20,000/- ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਗਨਰੇਗਾ ਸਕੀਮ ਅਧੀਨ ਕਨਵਰਜੈਂਸ ਅਧੀਨ 90 ਦਿਹਾੜੀਆਂ ਦੀ ਮਜ਼ਦੂਰੀ ਵੀ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਤਕਰੀਬਨ 1,50,000 ਰੁਪਏ ਇਕ ਘਰ 'ਤੇ ਸਰਕਾਰ ਵਲੋਂ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਅਜ਼ਾਦੀ ਹੁੰਦੀ ਹੈ ਕਿ ਉਹ ਆਪਣੇ ਘਰ ਦੀ ਉਸਾਰੀ ਆਪਣੀ ਇੱਛਾ ਅਨੁਸਾਰ ਕਰੇ ਪ੍ਰੰਤੂ ਕਵਰਡ ਏਰੀਆ ਘੱਟੋ ਘੱਟ 180 ਸਕੇਅਰ ਫੁੱਟ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਸਕੀਮ ਅਧੀਨ ਹੁਣ ਤੱਕ 765 ਘਰਾਂ ਵਿੱਚੋਂ 116 ਘਰ ਪੂਰਨ ਤੌਰ 'ਤੇ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 765 ਘਰਾਂ ਨੂੰ 31 ਮਾਰਚ 2021 ਤੱਕ ਹਰ ਹਾਲਤ ਵਿਚ ਮੁਕੰਮਲ ਕਰ ਲਿਆ ਜਾਵੇਗਾ।


Bharat Thapa

Content Editor

Related News