ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੇ 4.66 ਕਰੋੜ ਰੁਪਏ, 6 ਖਿਲਾਫ ਮਾਮਲਾ ਦਰਜ

08/23/2019 8:17:14 PM

ਮੋਗਾ (ਆਜ਼ਾਦ)-ਮੋਗਾ ਅਤੇ ਨਜ਼ਦੀਕੀ ਖੇਤਰਾਂ ਨਾਲ ਸਬੰਧਤ ਕਰੀਬ ਤਿੰਨ ਦਰਜਨ ਲੋਕਾਂ ਨੇ ਸਰਵ ਐਗਰੋ ਇੰਡੀਆ ਲਿਮਟਿਡ (ਬਠਿੰਡਾ) ਅਤੇ ਸੁਖਜਰਨਲ ਟ੍ਰੇਡਿੰਗ ਕੰਪਨੀ ਦੁਬਈ ਦੇ ਐੱਮ.ਡੀ. ਅਤੇ ਸੰਚਾਲਕਾਂ 'ਤੇ ਲੋਕਾਂ ਨੂੰ ਆਪਣੀਆਂ ਕੰਪਨੀਆਂ 'ਚ ਪੈਸੇ ਲਾ ਕੇ ਕਈ ਗੁਣਾ ਜ਼ਿਆਦਾ ਕਰਨ ਦਾ ਝਾਂਸਾ ਦੇ ਕੇ ਕਰੀਬ 4 ਕਰੋੜ 66 ਲੱਖ 42 ਹਜ਼ਾਰ 351 ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਚਰਨ ਸਿੰਘ ਪੁੱਤਰ ਵੀਰ ਸਿੰਘ ਨਿਵਾਸੀ ਮੋਗਾ ਨੇ ਕਿਹਾ ਕਿ ਤਿੰਨ ਦਰਜਨ ਵਿਅਕਤੀਆਂ ਨਾਲ ਠੱਗੀ ਹੋਈ ਹੈ, ਜੋ ਸਰਵ ਐਗਰੋ ਇੰਡੀਆ ਲਿਮਟਿਡ ਕੰਪਨੀ (ਜਿਸ ਦਾ ਮੁੱਖ ਦਫਤਰ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ 'ਚ ਹੈ) ਅਤੇ ਸੁਖਜਰਨਲ ਟ੍ਰੇਨਿੰਗ ਕੰਪਨੀ ਨੇ ਕੀਤੀ ਹੈ। ਇਸ ਕੰਪਨੀ ਦੇ ਐੱਮ.ਡੀ. ਅਮਰਜੀਤ ਸਿੰਘ ਢੀਂਗਰਾ ਨਿਵਾਸੀ ਮੈਕਸਸਿਟੀ ਬਠਿੰਡਾ, ਡਾਇਰੈਕਟਰ ਰਾਮ ਸਿੰਘ ਨਿਵਾਸੀ ਮੇਹਮਾ ਭਗਵਾਨਾ ਬਠਿੰਡਾ, ਜਿੰਦਰਪ੍ਰੀਤ ਕੌਰ ਪਤਨੀ ਰਾਮ ਸਿੰਘ, ਡਾਇਰੈਕਟਰ ਨਵਜੀਤ ਸਿੰਘ ਨਿਵਾਸੀ ਪਿੰਡ ਢੋਲੇਵਾਲਾ (ਮੋਗਾ), ਕੰਪਨੀ ਮੈਂਬਰ ਲਛਮਣ ਸਿੰਘ ਨਿਵਾਸੀ ਮੇਹਮਾ ਭਗਵਾਨਾ ਬਠਿੰਡਾ, ਡਾ. ਕ੍ਰਿਸ਼ਨ ਸਿੰਘ ਨਿਵਾਸੀ ਮੇਹਮਾ ਭਗਵਾਨਾ ਬਠਿੰਡਾ ਸੰਚਾਲਕ ਹਨ, ਜਿਨ੍ਹਾਂ ਨੇ ਲੋਕਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਦਾ ਲਾਲਚ ਦਿੱਤਾ, ਜਿਸ ਕਾਰਣ ਕੰਪਨੀ ਦੇ ਮੇਰੇ ਇਲਾਵਾ ਹੋਰ ਲੋਕ ਵੀ ਮੈਂਬਰ ਬਣ ਗਏ। ਕੰਪਨੀ ਵੱਲੋਂ ਆਪਣਾ ਇਕ ਦਫਤਰ ਮੋਗਾ ਦੇ ਨਜ਼ਦੀਕੀ ਪਿੰਡ ਦੁੱਨੇਕੇ ਵਿਖੇ ਖੋਲ੍ਹਿਆ ਗਿਆ , ਜਿਥੇ ਲੋਕਾਂ ਕੋਲੋਂ ਕਿਸ਼ਤਾਂ ਦੇ ਪੈਸੇ ਜਮ੍ਹਾ ਕਰਵਾਉਣ ਦੇ ਇਲਾਵਾ ਐੱਫ.ਡੀ.ਆਰ. ਦੇ ਪੈਸੇ ਵੀ ਜਮ੍ਹਾ ਕਰਵਾਏ ਜਾਂਦੇ ਸਨ। ਜ਼ਿਆਦਾ ਵਿਆਜ ਦੇ ਲਾਲਚ ਕਾਰਣ ਕੰਪਨੀ ਦੇ ਹੋਰ ਮੈਂਬਰ ਬਣਨੇ ਸ਼ੁਰੂ ਹੋ ਗਏ ਅਤੇ ਉਹ ਆਪਣੇ ਗਾਹਕਾਂ ਨੂੰ ਅੱਗੇ ਮੈਂਬਰ ਬਣਾਉਣ ਲਈ ਕਮੀਸ਼ਨ ਦਾ ਲਾਲਚ ਵੀ ਦੇਣ ਲੱਗੇ, ਜਿਸ ਕਾਰਣ ਭੋਲੇ-ਭਾਲੇ ਲੋਕ ਕੰਪਨੀ ਦੇ ਸੰਚਾਲਕਾਂ ਦੇ ਝਾਂਸੇ 'ਚ ਫਸ ਕੇ ਆਪਣੇ ਜਾਣ-ਪਛਾਣ ਵਾਲੇ ਲੋਕਾਂ, ਰਿਸ਼ਤੇਦਾਰਾਂ ਦੇ ਵੀ ਲੱਖਾਂ ਰੁਪਏ ਜਮ੍ਹਾ ਕਰਵਾਉਣ ਲੱਗੇ।

ਕੰਪਨੀ ਵੱਲੋਂ ਹਰੇਕ ਮੈਂਬਰ ਨੂੰ ਪੈਸੇ ਜਮ੍ਹਾ ਕਰਵਾਉਣ 'ਤੇ ਇਕ ਪਾਲਿਸੀ ਸੈੱਲ ਰਜਿਸਟ੍ਰੇਸ਼ਨ ਲੈਟਰ ਅਤੇ ਸੈੱਲ ਐਗਰੀਮੈਂਟਰ ਵੀ ਦਿੱਤਾ ਜਾਂਦਾ, ਜਿਸ 'ਚ ਜਮ੍ਹਾ ਪੈਸੇ ਅਤੇ ਪੂਰਾ ਸਮਾਂ ਹੋਣ 'ਤੇ ਮਿਲਣ ਵਾਲੇ ਪੈਸਿਆਂ ਦੀ ਸੂਚੀ ਹੁੰਦੀ ਸੀ। ਇਸ ਤਰ੍ਹਾਂ ਕੰਪਨੀ ਦੇ ਸੰਚਾਲਕਾਂ ਵੱਲੋਂ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਜ਼ਿਆਦਾ ਵਿਆਜ ਦੇਣ ਅਤੇ ਘੱਟ ਸਮੇਂ 'ਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੀਬ 4 ਕਰੋੜ 66 ਲੱਖ 42 ਹਜ਼ਾਰ 351 ਰੁਪਏ ਦੀ ਠੱਗੀ ਮਾਰੀ ਹੈ। ਉਕਤ ਕੰਪਨੀ ਕਰੀਬ ਡੇਢ ਸਾਲ ਤੋਂ ਆਪਣਾ ਕੰਮ ਬੰਦ ਕਰ ਚੁੱਕੀ ਹੈ।

ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ : ਜਾਂਚ ਅਧਿਕਾਰੀ
ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ 'ਤੇ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਇਸ ਦੌਰਾਨ ਜਾਂਚ ਅਧਿਕਾਰੀ ਨੂੰ ਪਤਾ ਲੱਗਾ ਕਿ ਸਰਵ ਐਗਰੋ ਇੰਡੀਆ ਲਿਮਟਿਡ ਬਠਿੰਡਾ ਦੇ ਸੰਚਾਲਕਾਂ ਅਮਰਜੀਤ ਸਿੰਘ ਢੀਂਗਰਾ ਐੱਮ.ਡੀ. ਨਿਵਾਸੀ ਬਠਿੰਡਾ, ਰਾਮ ਸਿੰਘ ਡਾਇਰੈਕਟਰ ਅਤੇ ਉਸ ਦੀ ਪਤਨੀ ਜਿੰਦਰਪ੍ਰੀਤ ਕੌਰ ਨਿਵਾਸੀ ਮੇਹਮਾ ਭਗਵਾਨਾ ਬਠਿੰਡਾ, ਡਾਇਰੈਕਟਰ ਨਵਜੀਤ ਸਿੰਘ ਨਿਵਾਸੀ ਪਿੰਡ ਢੋਲੇਵਾਲਾ ਮੋਗਾ, ਲਛਮਣ ਸਿੰਘ ਅਤੇ ਕ੍ਰਿਸ਼ਨ ਸਿੰਘ ਦੋ ਨੋਂ ਨਿਵਾਸੀ ਮੇਹਮਾ ਭਗਵਾਨਾ ਬਠਿੰਡਾ ਨੇ ਕਥਿਤ ਮਿਲੀਭੁਗਤ ਕਰ ਕੇ ਲੋਕਾਂ ਨੂੰ ਆਪਣੇ ਵਿਸ਼ਵਾਸ 'ਚ ਲੈ ਕੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਦੇਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 4 ਕਰੋੜ 42 ਹਜ਼ਾਰ 351 ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਦੇ ਬਾਅਦ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ 'ਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।

Karan Kumar

This news is Content Editor Karan Kumar