ਚਾਕੂ ਮਾਰ ਕੇ ਲੁੱਟ-ਖੋਹ ਕਰਨ ਵਾਲੇ 2 ਕਾਬੂ

09/19/2018 7:41:32 AM

ਚੰਡੀਗਡ਼੍ਹ, (ਸੰਦੀਪ)- 20 ਮਿੰਟਾਂ ’ਚ 2 ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਕੇ  ਲੁੱਟ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਸੈਕਟਰ-26 ਥਾਣਾ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ,  ਜਿਨ੍ਹਾਂ  ਦੀ ਪਛਾਣ ਕੈਂਬਵਾਲਾ ਦੇ ਰਹਿਣ ਵਾਲੇ ਕਰਨ ਤੇ ਕਾਂਸਲ ਨਿਵਾਸੀ ਸੌਰਭ  ਵਜੋਂ  ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਉਹ ਚਾਕੂ ਵੀ ਰਿਕਵਰ ਕਰ ਲਿਆ ਹੈ, ਜਿਸ ਦੀ ਵਰਤੋਂ ਕਰਕੇ ਉਨ੍ਹਾਂ ਨੇ ਦੋਵਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਦੋਵਾਂ ਨੂੰ 2 ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। 
 ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੀਤੇ ਐਤਵਾਰ ਨੂੰ ਮੁਲਜ਼ਮਾਂ  ਨੇ ਕਾਂਸਲ ’ਚ ਇਕ ਲਡ਼ਕੇ ਤੋਂ ਚਾਕੂ  ਦੀ  ਨੋਕ ’ਤੇ ਮੋਟਰਸਾਈਕਲ  ਖੋਹਿਅਾ  ਸੀ ਤੇ ਇਨ੍ਹਾਂ ਦੋਵਾਂ ਵਾਰਦਾਤਾਂ ਨੂੰ ਉਨ੍ਹਾਂ ਨੇ ਇਸ  ਮੋਟਰਸਾਈਕਲ ’ਤੇ ਹੀ ਅੰਜਾਮ ਦਿੱਤਾ ਸੀ। 
ਮੁਲਜ਼ਮ ਕਰਨ ’ਤੇ ਪਹਿਲਾਂ ਹਰਿਆਣਾ ਪੁਲਸ ਵਲੋਂ ਵੀ ਕੇਸ ਦਰਜ ਕੀਤਾ ਗਿਆ ਸੀ, ਜਿਸ  ਕਾਰਨ ਉਹ ਅੰਬਾਲਾ ਜੇਲ ’ਚ ਵੀ ਰਿਹਾ ਹੈ।  ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਕਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕੰਟੀਨ ’ਚ ਕੰਮ ਕਰਦਾ ਹੈ ਤੇ ਸੌਰਭ ਸਡ਼ਕ ਕੰਢੇ ਬਣੇ ਇਕ ਢਾਬੇ  ’ਤੇ  ਲੱਗਾ ਹੈ।  
 20 ਮਿੰਟਾਂ ’ਚ ਦਿੱਤਾ 2 ਵਾਰਦਾਤਾਂ ਨੂੰ ਅੰਜਾਮ  
 ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ 12:03 ਵਜੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਸੈਕਟਰ-7 ਸਥਿਤ ਪੈਟਰੋਲ ਪੰਪ ਕੋਲ ਲੁੱਟ ਕੀਤੀ ਗਈ ਹੈ। ਸੂਚਨਾ ਮਿਲਦਿਅਾਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਉਥੇ ਟੀਮ ਨੂੰ ਕੈਂਬਬਾਲਾ ਨਿਵਾਸੀ ਰੋਹਨ ਕੁਮਾਰ ਮਿਲਿਆ। ਉਸਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸਦੇ ਪਿਤਾ ਅਰੁਣ ਆਈਸ ਕਰੀਮ ਸੇਲਰ ਹੈ। ਰਾਤ ਸਮੇਂ ਪੈਟਰੋਲ ਪੰਪ ਕੋਲ ਮੋਟਰਸਾਈਕਲ ’ਤੇ ਆਏ 2 ਲਡ਼ਕਿਆਂ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ।  ਮੁਲਜ਼ਮਾਂ ਨੇ ਉਸਦੇ ਪਿਤਾ ਨਾਲ ਲੁੱਟ ਕਰਨੀ ਚਾਹੀ ਤਾਂ ਉਨ੍ਹਾਂ ਨੇ ਲੁਟੇਰਿਆਂ ਦਾ ਵਿਰੋਧ ਕੀਤਾ।
 ਇਸ ’ਤੇ ਇਕ ਲੁਟੇਰੇ ਨੇ ਉਸ ਦੇ ਪਿਤਾ ਦੇ ਢਿੱਡ ਵਿਚ ਚਾਕੂ ਨਾਲ ਕਈ ਵਾਰ ਕੀਤੇ। ਲਹੁ-ਲੂਹਾਨ ਕਰਨ ਤੋਂ ਬਾਅਦ ਮੁਲਜ਼ਮ  ਨੇ ਅਰੁਣ ਨਾਲ ਲੁੱਟ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦਿਅਾਂ ਹੀ ਮੌਕੇ ’ਤੇ ਪਹੁੰਚੀ ਪੁਲਸ ਟੀਮ ਨੇ ਅਰੁਣ ਨੂੰ ਇਲਾਜ ਲਈ ਪੀ. ਜੀ. ਆਈ. ਪਹੁੰਚਾਇਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵਾਰਦਾਤ ਦੀ ਸੂਚਨਾ ਕੰਟਰੋਲ ਰੂਮ ’ਤੇ ਮਿਲਣ ਤੋਂ ਬਾਅਦ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਸੀ ਕਿ ਅਚਾਨਕ ਪੁਲਸ ਕੰਟਰੋਲ ਰੂਮ ’ਤੇ 12:21 ਮਿੰਟ ’ਤੇ ਦੂਜੀ ਕਾਲ ਚੱਲੀ, ਜਿਸ ਤਹਿਤ ਸੂਚਨਾ ਦੇਣ ਵਾਲੇ ਨੇ ਦੱਸਿਆ ਕਿ ਚੰਡੀਗਡ਼੍ਹ ਗੋਲਫ ਅਕੈਡਮੀ ਤੋਂ ਕਿਸ਼ਨਗਡ਼੍ਹ ਜਾਣ ਵਾਲੇ ਮੋਡ਼ ’ਤੇ 2 ਮੋਟਰਸਾਈਕਲ ਸਵਾਰਾਂ ਨੇ ਕਿਸੇ ਨੂੰ ਚਾਕੂ ਮਾਰ ਕੇ ਉਸ ਨਾਲ ਲੁੱਟ ਕੀਤੀ ਹੈ। 
ਸੂਚਨਾ ਮਿਲਦਿਅਾਂ  ਟੀਮ ਮੌਕੇ ’ਤੇ ਪਹੁੰਚੀ ਤੇ ਤੁਰੰਤ ਜ਼ਖ਼ਮੀ ਨੂੰ ਇਲਾਜ ਲਈ ਪੀ. ਜੀ. ਆਈ. ਪਹੁੰਚਾਇਆ। ਮੌਕੇ ’ਤੇ ਪੁਲਸ ਨੂੰ ਸੈਕਟਰ-41 ਨਿਵਾਸੀ ਸੰਜੇ ਮਿਲਿਆ, ਜਿਸ ਨੇ ਪੁਲਸ ਨੂੰ ਦੱਸਿਆ ਕਿ ਸੈਕਟਰ-26 ਸਥਿਤ ਸਵਾਗਤ ਹੋਟਲ ’ਚ ਉਹ ਕੰਮ ਕਰਦੇ ਸੇਖਰ ਵੀ. ਪੁਜਾਰੀ ਨਾਲ ਕਿਸ਼ਨਗਡ਼੍ਹ ਪਾਸੇ ਜਾ ਰਿਹਾ ਸੀ  ਤੇ ਦੋਵੇਂ ਸਾਈਕਲ ’ਤੇ ਸਨ। ਇਸ ਦੌਰਾਨ ਅਚਾਨਕ ਇਕ ਮੋਟਰਸਾਈਕਲ ’ਤੇ ਸਵਾਰ 2 ਲਡ਼ਕੇ ਆਏ ਤੇ ਉਨ੍ਹਾਂ ਨੂੰ ਰੋਕ ਲਿਆ। ਦੋਵੇਂ ਉਸ  ਤੋਂ ਪਰਸ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਇਸ ’ਤੇ ਜਦੋਂ ਸੇਖਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਇਕ ਲਡ਼ਕੇ ਨੇ  ਜੇਬ ’ਚੋਂ ਚਾਕੂ ਕੱਢ  ਕੇ  ਉਸਦੇ ਢਿੱਡ ’ਚ ਕਈ ਵਾਰ ਕੀਤੇ। ਸੇਖਰ ਨੂੰ ਜ਼ਖ਼ਮੀ ਕਰਨ  ਤੋਂ ਬਾਅਦ ਦੋਵੇਂ ਲਡ਼ਕਿਆਂ ਨੇ ਉਸ ਤੋਂ ਪੈਸੇ ਲੁੱਟ ਲਏ।  ਇਸ ’ਤੇ ਸੰਜੈ ਨੇ ਸੇਖਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਆਪਣਾ ਮੋਟਰਸਾਈਕਲ ਮੌਕੇ ’ਤੇ ਛੱਡ ਕੇ ਪੈਦਲ ਹੀ ਸੁਖਨਾ ਝੀਲ ਦੀਆਂ ਪੌਡ਼ੀਆਂ ਰਾਹੀਂ ਉਪਰ ਚਡ਼੍ਹ ਗਏ। ਇਸ ’ਤੇ ਥਾਣਾ ਪੁਲਸ ਤੇ ਪੀ. ਸੀ. ਆਰ. ਟੀਮਾਂ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।