ਲੁਧਿਆਣਾ : ਨੌਜਵਾਨਾਂ ਨੇ ਲੁੱਟਿਆ ਠੇਕਾ ਕੀਤੀ ਭੰਨ-ਤੋੜ

06/25/2019 9:13:33 PM

ਹੰਬੜਾਂ (ਸਤਨਾਮ)— ਲੁਧਿਆਣਾ ਸਿੱਧਵਾਂ ਬੇਟ ਰੋਡ 'ਤੇ ਸਥਿਤ ਹੰਬੜਾਂ ਕਸਬੇ 'ਚ ਸ਼ਰਾਬ ਦੇ ਠੇਕੇ 'ਤੇ ਬੀਤੀ ਰਾਤ ਪਿੰਡ ਦੇ ਕੁੱਝ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇ ਦੀ ਭੰਨ-ਤੋੜ ਕਰ ਦਿੱਤੀ ਅਤੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਨੂੰ ਗੰਭੀਰ ਜ਼ਖਮੀ ਕਰਦਿਆਂ 93 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਹੰਬੜਾਂ ਮੇਨ ਚੌਕ ਵਿਚ ਸਥਿਤ ਮਲਕ ਐਂਡ ਕੰਪਨੀ ਦੇ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਸ਼ਰਾਬ ਦੇ ਠੇਕੇ 'ਤੇ ਰਾਤ 10 ਵਜੇ ਦੇ ਕਰੀਬ ਸਮੇਂ ਪਿੰਡ ਦੇ ਕੁੱਝ ਨੌਜਵਾਨ ਜਿਨ੍ਹਾਂ 'ਚ ਦੋ ਸਾਬਕਾ ਸਰਪੰਚ ਦੇ ਲੜਕੇ ਵੀ ਸਨ, ਠੇਕੇ 'ਤੇ ਆਏ ਅਤੇ ਬਹਿਸ ਕਰਨ ਲੱਗੇ ਜਿਸ 'ਤੇ ਠੇਕੇ ਦੇ ਕਰਿੰਦੇ ਵੱਲੋਂ ਰੋਕਿਆ ਤਾਂ ਠੇਕੇ ਦਾ ਲੋਹੇ ਦਾ ਗੇਟ ਭੰਨ ਦਿੱਤਾ ਤੇ ਕੁਰਸੀਆਂ ਤੋੜ ਦਿੱਤੀਆਂ, ਕਰਿੰਦੇ ਨਵੀਨ ਕੁਮਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਦੂਜੇ ਕਰਿੰਦੇ ਦੀ ਵੀ ਕੁੱਟ-ਮਾਰ ਕੀਤੀ। ਨਵੀਨ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੌਕੀ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਨੌਜਵਾਨ ਜਿਨ੍ਹਾਂ ਦੀ ਗਿਣਤੀ 6 ਹੈ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਕਾਬੂ ਕਰ ਲਏ ਜਾਣਗੇ।

KamalJeet Singh

This news is Content Editor KamalJeet Singh