ਲੁਟੇਰਾ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਗਿ੍ਰਫ਼ਤਾਰ, ਦੋ ਹੋਏ ਫ਼ਰਾਰ

02/12/2021 2:36:38 PM

ਫਿਰੋਜ਼ਪੁਰ (ਕੁਮਾਰ): ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਸਬ-ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਥਿਤ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਹੈ, ਜਦਕਿ ਗਿਰੋਹ ਦੇ 2 ਮੈਂਬਰ ਪੁਲਸ ਨੂੰ ਲੈ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐਸ.ਐਚ.ਓ. ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਮੀਤ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਅਮਰੀਕ ਸਿੰਘ, ਗੁਰਦਿੱਤ ਸਿੰਘ, ਰਵਿੰਦਰ ਸਿੰਘ, ਨਰਿੰਦਰ ਸਿੰਘ, ਆਸ਼ੂ, ਕੁਲਦੀਪ ਸਿੰਘ ਅਤੇ ਗੁਰਸੇਵਕ ਸਿੰਘ ਲੁੱਟਖੋਹ ਅਤੇ ਲੜਾਈ ਝਗੜੇ ਕਰਨ ਦੇ ਆਦੀ ਹਨ ਤੇ ਦਫਤਰ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਸਾਹਮਣੇ ਖੰਡਰ ਪਈ ਇਕ ਬਿਲਡਿੰਗ ਵਿਚ ਲੁੱਟਖੋਹ ਕਰਨ ਦੀ ਤਿਆਰੀ ਕਰ ਰਹੇ ਹਨ।

ਐਸ.ਐਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਦੱਸੀ ਗਈ ਜਗ੍ਹਾ ’ਤੇ ਰੇਡ ਕੀਤਾ ਅਤੇ 5 ਲੋਕਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਤੋਂ 32 ਬੋਰ ਦੇ ਦੋ ਪਿਸਤੌਲ, ਇਕ ਤੇਜ਼ਧਾਰ ਹਥਿਆਰ ਅਤੇ ਇਕ ਲੋਹੇ ਦਾ ਟੋਕਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਮਰੀਕ ਸਿੰਘ, ਰਵਿੰਦਰ ਸਿੰਘ, ਨਰਿੰਦਰ ਸਿੰਘ, ਆਸ਼ੂ ਅਤੇ ਕੁਲਦੀਪ ਸਿੰਘ ਗਿ੍ਰਫਤਾਰ ਕਰ ਲਿਆ,ਜਦਕਿ ਗੁਰਦੀਪ ਸਿੰਘ ਉਰਫ ਦੀਪੂ ਅਤੇ ਗੁਰਸੇਵਕ ਸਿੰਘ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਵਿਚ ਆਈ.ਪੀ.ਸੀ. ਦੀ ਧਾਰਾ 399 ਅਤੇ 402 ਤੇ ਆਰਮਜ ਐਕਟ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅੱਜ ਨਾਮਜ਼ਦ ਇਸ ਗਿਰੋਹ ਦੇ 5 ਮੈਂਬਰਾਂ ਨੂੰ ਫਿਰੋਜ਼ਪੁਰ ਦੀ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। 


Shyna

Content Editor

Related News