ਗੈਸ ਏਜੰਸੀ ਦੇ ਕਰਿੰਦੇ ਕੋਲੋਂ ਖੋਹੀ ਨਕਦੀ

12/07/2018 5:25:14 AM

ਲੁਧਿਆਣਾ, (ਤਰੁਣ)- ਕਰੀਬ ਇਕ ਹਫਤਾ ਪਹਿਲਾਂ ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਬੈਂਜਮਿਨ ਰੋਡ ’ਤੇ ਐੱਨ. ਕੇ. ਵਾਈਨ ਸ਼ਾਪ ਦੇ ਕਰਿੰਦੇ ਵਿਜੇ ਕੁਮਾਰ ਨਾਲ ਹੋਈ ਲੁੱਟ ਦੀ ਕੋਸ਼ਿਸ਼ ਨੂੰ ਪੁਲਸ ਅਜੇ ਤਕ ਟਰੇਸ ਨਹੀਂ ਕਰ ਸਕੀ। ਸਿਰਫ 7 ਦਿਨਾਂ ਬਾਅਦ ਇਕ ਵਾਰ ਫਿਰ ਲੁਟੇਰਿਆਂ ਨੇ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਕਿਦਵਈ ਨਗਰ ਵਿਚ ਵਾਰਦਾਤ ਕਰ ਦਿੱਤੀ। ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਹਥਿਆਰ ਦੇ ਦਮ ’ਤੇ ਕਰਿੰਦੇ ਕੋਲੋਂ 20 ਹਜ਼ਾਰ ਦੀ ਨਕਦੀ ਲੁੱਟ ਲਈ ਤੇ ਧਮਕਾਉਂਦੇ ਹੋਏ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰ. 2 ਤੇ 3 ਦੀ ਪੁਲਸ ਮੌਕੇ ’ਤੇ ਪਹੁੰਚੀ। ਪਹਿਲਾ ਮਾਮਲਾ ਥਾਣਾ ਡਵੀਜ਼ਨ 2 ਦਾ ਦੱਸਿਆ ਜਾ ਰਿਹਾ ਸੀ, ਪਰ ਬਾਅਦ ਵਿਚ ਹੱਦ ਥਾਣਾ ਡਵੀਜ਼ਨ ਨੰ. 3 ਦੀ ਨਿਕਲੀ ਅਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ।ਜਾਣਕਾਰੀ ਅਨੁਸਾਰ ਰਾਣਾ ਗੈਸ ਏਜੰਸੀ ਦਾ ਕਰਮਚਾਰੀ ਬਲਵਿੰਦਰ ਸਿੰਘ ਕਿਦਵਈ ਨਗਰ ਇਲਾਕੇ ਵਿਚ ਗੈਸ ਦੀ ਡਲਿਵਰੀ ਦਿੰਦਾ ਹੈ। ਡਲਿਵਰੀ ਦੇ ਕੇ ਉਹ ਏਜੰਸੀ ਵੱਲ ਜਾ ਰਿਹਾ ਸੀ। ਪਾਰਕ ਨੇਡ਼ੇ ਮੋਟਰ ਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਇਕ ਲੁਟੇਰਾ ਮੋਟਰਸਾਈਕਲ ਤੋਂ ਉਤਰਿਆ ਤੇ ਚਾਕੂ ਦੀ ਨੋਕ ’ਤੇ 20 ਹਜ਼ਾਰ ਦੀ ਨਕਦੀ ਲੁੱਟ ਲਈ। ਕਰਮਚਾਰੀ ਅਨੁਸਾਰ ਕਰੀਬ 20 ਸਲੰਡਰ ਡਲਿਵਰ ਕੀਤੇ ਸਨ। ਥਾਣਾ ਡਵੀਜ਼ਨ ਨੰ. 3 ਦੇ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਲੁੱਟ ਨਾਲ ਸਬੰਧਤ ਪੁਲਸ ਨੂੰ ਸਹੀ ਤਰੀਕੇ ਨਾਲ ਬਿਆਨ ਦਰਜ ਨਹੀਂ ਕਰਵਾ ਰਿਹਾ। ਫਿਲਹਾਲ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਪੁਲਸ ਨੂੰ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਤੋਂ ਵੀ ਲੁੱਟ ਨਾਲ ਸਬੰਧਤ ਕੋਈ ਸੁਰਾਗ ਹੱਥ ਨਹੀਂ ਲੱਗਾ।
ਪੇਸ਼ਾਵਰ ਹੋ ਸਕਦੇ ਹਨ ਲੁਟੇਰੇ :  ਕਰੀਬ ਇਕ ਹਫਤਾ ਪਹਿਲਾਂ ਠੇਕੇ ਦੇ ਕਰਿੰਦੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਦੀ ਅਸਫਲ ਵਾਰਦਾਤ ਦੀ ਕੋਸ਼ਿਸ਼ ਕਰਨ ਵਾਲੇ 3 ਲੁਟੇਰੇ ਪੇਸ਼ਾਵਰ ਸਨ। ਵਾਰਦਾਤ ਅਸਫਲ ਹੁੰਦੀ ਦੇਖ ਕੇ ਲੁਟੇਰਿਆਂ ਨੇ ਪਿਸਤੌਲ ਤੋਂ ਫਾਇਰ ਵੀ ਕੀਤਾ ਸੀ। ਅੰਦਾਜਾ  ਲਾਇਆ ਜਾ ਰਿਹਾ ਹੈ ਕਿ ਪਿਛਲੀ ਵਾਰ ਅਸਫਲ ਹੋਣ ਤੋਂ ਬਾਅਦ  ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਇਲਾਕੇ ਵਿਚ ਪਿਛਲੀ ਵਾਰਦਾਤ ਵਿਚ ਵੀ 3 ਲੁਟੇਰੇ ਸ਼ਾਮਲ ਸਨ। ਜਦਕਿ ਵੀਰਵਾਰ ਦੀ ਹੋਈ ਵਾਰਦਾਤ ’ਚ ਵੀ 3 ਲੁਟੇਰਿਆਂ ਦੀ ਸਰਗਰਮੀ ਹੈ। ਪੁਲਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।