ਖਰੜ ''ਚ ਲੁਟੇਰਿਆਂ ਵਲੋਂ ਵਿਅਕਤੀ ਤੋਂ ਗੱਡੀ ਖੋਹਣ ਦੀ ਕੋਸ਼ਿਸ਼, ਚਲਾਈ ਗੋਲੀ

11/06/2019 5:35:40 PM

ਖਰੜ (ਅਮਰਦੀਪ)—ਖਰੜ-ਮੁਹਾਲੀ ਕੌਮੀ ਮਾਰਗ ਤੇ ਪਿਛਲੀ ਰਾਤ ਤਕਰੀਬਨ 10.30 ਵਜੇ ਸਿਵਲ ਰੈਸਟ ਹਾਊਸ ਨੇੜੇ ਚਾਰ ਹਮਲਾਵਰਾਂ ਨੇ ਕਾਰ ਖੋਹਣ ਦੀ ਕੋਸ਼ਿਸ਼ ਦੌਰਾਨ ਇੱਕ ਵਿਅਕਤੀ ਨੂੰ ਫੱਟੜ ਕਰ ਦਿੱਤਾ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨ 'ਚ ਵੀਰਇੰਦਰਪਾਲ ਸਿੰਘ ਵਾਲੀਆ ਪੁੱਤਰ ਸਵਰਗੀ ਜਗਦੀਸ਼ ਸਿੰਘ ਵਾਲੀਆ ਵਾਸੀ ਕੋਠੀ ਨੰਬਰ 827, ਸੈਕਟਰ 78 ਮੁਹਾਲੀ ਨੇ ਦੱਸਿਆ ਕਿ ਇੰਡੀਆ ਏਅਰਫਰੋਸ 'ਚੋਂ ਸੇਵਾ ਮੁਕਤ ਹੋਣ ਤੇ ਹੁਣ ਕੁਰਾਲੀ ਵਿਖੇ ਆਈਲੈਸਟ ਅਤੇ ਸਟੱਡੀ ਵੀਜ਼ਾ ਕੋਚਿੰਗ ਕੰਪਨੀ ਚਲਾ ਰਿਹਾ ਹੈ ਜਦੋਂ ਉਹ ਆਪਣੀ ਕਾਰ ਨੰਬਰ ਪੀ.ਬੀ.65ਏਅਰ-9906  ਤੇ ਸਵਾਰ ਹੋ ਕੇ 5 ਨਵੰਬਰ ਨੂੰ ਕੁਰਾਲੀ ਤੋਂ ਮੁਹਾਲੀ ਘਰ ਜਾ ਰਿਹਾ ਸੀ ਤਾਂ ਸਿਵਲ ਰੈਸਟ ਹਾਊਸ ਖਰੜ ਨੇੜੇ ਉਸਨੇ ਆਪਣੀ ਕਾਰ ਖੜ੍ਹੀ ਕੀਤੀ ਅਤੇ ਜਦੋਂ ਉਹ ਪਿਸ਼ਾਬ ਕਰਨ ਤੋਂ ਬਾਅਦ ਆਪਣੀ ਕਾਰ 'ਚ ਬੈਠਣ ਲੱਗਾ ਤਾਂ  2 ਵਿਅਕਤੀ ਉਸ ਦੇ ਕੋਲ ਆਏ ਅਤੇ ਉਨ੍ਹਾਂ ਕਿਹਾ ਕਿ ਗੱਡੀ 'ਚੋਂ ਥੱਲੇ ਉਤਰੋ ਅਤੇ ਗੱਡੀ ਦੀ ਚਾਬੀ ਦੇ ਉਸਨੇ ਦੱਸਿਆ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਅਤੇ ਦੂਜੇ ਵਿਅਕਤੀ ਕੋਲ ਚਾਕੂ ਫੜਿਆ ਹੋਇਆ ਸੀ ਅਤੇ ਪਿਸਟਲ ਵਾਲੇ ਵਿਅਕਤੀ ਨੇ ਤਾਕੀ ਖੋਲ ਕੇ ਕਿਹਾ ਕਿ ਜੇਕਰ ਚਾਬੀ ਨਹੀਂ ਦਿੰਦਾ ਤਾਂ ਫਿਰ ਮੈਂ ਤੈਨੂੰ ਮਾਰ ਦੇਣਾ ਹੈ। ਉਸਨੇ ਹੌਂਸਲਾ ਕਰਕੇ ਆਪਣੇ ਬਚਾਓ ਲਈ ਗੱਡੀ ਥੱਲੇ ਉਤਰ ਕੇ ਪਿਸਟਲ ਵਾਲੇ ਵਿਅਕਤੀ ਨੂੰ ਫੜ ਲਿਆ । ਹਮਲਾਵਰ ਨੇ ਉਸੇ ਸਮੇਂ ਹਵਾਈ ਫਾਇਰ ਕੀਤੇ ।

ਇਸੇ ਦੌਰਾਨ ਇਕ ਹੋਰ ਤੀਜਾ ਵਿਅਕਤੀ ਵੀ ਉਥੇ ਆ ਗਿਆ। ਉਸਨੇ ਫਿਰ ਫਿਰ ਹੌਂਸਲਾ ਕਰਕੇ ਡਰਾਈਵਰ ਸਾਇਡ ਵਾਲੀ ਤਾਕੀ ਖੋਲ ਦਿੱਤੀ ਅਤੇ  ਇਕ ਵਿਅਕਤੀ ਨੂੰ ਫੜ ਲਿਆ ਤਾਂ ਇੰਨੇ ਦੌਰਾਨ ਉਸਦੇ ਪਟ 'ਚ ਹਮਲਾਵਰਾਂ ਨੇ ਚਾਕੂ ਮਾਰਿਆ ਅਤੇ ਉਹ ਫੱਟੜ ਹੋ ਗਿਆ । ਉਸਨੇ ਦੱਸਿਆ ਕਿ ਮੌਕੇ ਤੇ ਉਹ ਤਿੰਨੇ ਹਮਲਾਵਰ ਉਸਨੂੰ ਧੱਕਾ ਮਾਰਕੇ ਆਪਣਾ ਪਿਸਟਲ ਉਸ ਤੋਂ ਛੁਡਵਾ ਕੇ ਖਰੜ ਬੱਸ ਸਟੈਂਡ ਵੱਲ ਚਿਟੇ ਰੰਗ ਦੀ ਕਾਰ ਵਿੱਚ  ਭੱਜ ਗਏ। ਉਸਨੇ ਘਟਨਾ ਸਬੰਧੀ ਜਾਣਕਾਰੀ ਆਪਣੇ ਦੋਸਤ ਨੂੰ ਦੱਸੀ ਅਤੇ ਉਸਨੂੰ ਜ਼ਖਮੀ ਮੈਕਸ ਹਸਪਤਾਲ ਮੁਹਾਲੀ ਭਰਤੀ ਕਰਵਾਇਆ। ਅੱਜ ਖਰੜ ਦੇ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ, ਐਸ.ਐਚ.ਓ. ਸਿਟੀ ਇੰਸਪੈਕਟਰ ਭਗਵੰਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ । ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Shyna

This news is Content Editor Shyna