ਲੁਟੇਰਾ ਗਿਰੋਹ ਦੇ ਕਾਬੂ 6 ਮੈਂਬਰ 3 ਦਿਨ ਦੇ ਪੁਲਸ ਰਿਮਾਂਡ ’ਤੇ

Sunday, Jan 13, 2019 - 02:03 AM (IST)

ਮੋਗਾ, (ਆਜ਼ਾਦ)- ਪਿੰਡ ਕੋਕਰੀ ਕਲਾਂ ਅਤੇ ਜਲਾਲਾਬਾਦ ਰੋਡ ’ਤੇ ਸਥਿਤ ਜਤਿਨ ਐਗਰੋ ਦੇ ਮਲਟੀਪਲੈਕਸ ਗੋਦਾਮਾਂ ’ਚੋਂ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਮੁੱਲ ਦੀ ਕਣਕ ਲੁੱਟ ਕੇ ਲੈ ਜਾਣ ਵਾਲੇ ਗ੍ਰਿਫਤਾਰ ਕੀਤੇ ਗਏ  ਲੁਟੇਰਾ  ਗਿਰੋਹ  ਦੇ 6 ਮੈਂਬਰਾਂ ਬਲਹਾਰ ਸਿੰਘ, ਜਸਵੀਰ ਸਿੰਘ ਦੋਨੋਂ ਨਿਵਾਸੀ ਪਿੰਡ ਭਗਵਾਨਪੁਰਾ, ਗੁਲਜ਼ਾਰ ਸਿੰਘ, ਜਗਸੀਰ ਸਿੰਘ ਦੋਨੋਂ ਨਿਵਾਸੀ ਪਿੰਡ ਅਮਰਕੋਟ (ਬਲਟੋਹਾ), ਗੁਰਤੇਜ ਸਿੰਘ ਨਿਵਾਸੀ ਖੇਮਕਰਨ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਸਰਹਾਲੀ ਨੂੰ ਥਾਣਾ ਅਜੀਤਵਾਲ ਦੇ ਇੰਚਾਰਜ ਦਿਲਬਾਗ ਸਿੰਘ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਲੁਟੇਰਾ ਗਿਰੋਹ ਦੇ ਮੈਂਬਰਾਂ ਦਾ 15 ਜਨਵਰੀ ਤੱਕ ਪੁਲਸ ਰਿਮਾਂਡ ਦਿੱਤਾ। ਇਸ ਸਬੰਧੀ  ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ 3 ਜਨਵਰੀ ਦੀ ਰਾਤ ਨੂੰ ਦੋ ਦਰਜਨ ਦੇ ਕਰੀਬ ਲੁਟੇਰਾ ਗਿਰੋਹ ਦੇ ਮੈਂਬਰ, ਜੋ ਹਥਿਆਰਾਂ ਨਾਲ ਲੈਸ ਸਨ, ਜਤਿਨ ਐਗਰੋ ਦੇ ਗੋਦਾਮਾਂ ’ਚ ਦਾਖਲ ਹੋਏ ਅਤੇ ਉਥੇ ਮੌਜੂਦ ਪੰਜ ਚੌਕੀਦਾਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੰਧਕ ਬਣਾਉਣ ਦੇ ਬਾਅਦ ਗੋਦਾਮਾਂ ਦੇ ਸ਼ਟਰ ਭੰਨ ਕੇ ਆਪਣੇ ਨਾਲ ਲਿਆਏ ਤਿੰਨ ਟਰੱਕਾਂ ਵਿਚ ਲੱਖਾਂ ਰੁਪਏ ਮੁੱਲ ਦੀ ਕਣਕ ਭਰ ਕੇ ਲੈ ਗਏ। ਇਸ ਸਬੰਧੀ ਅਜੀਤਵਾਲ ਪੁਲਸ ਵੱਲੋਂ ਗੋਦਾਮਾਂ ਦੀ ਸੁਰੱਖਿਆ ਲਈ ਲਾਈ ਗਈ ਓਰੀਗੋ ਕੰਪਨੀ ਦੇ ਸੁਪਰਵਾਈਜ਼ਰ ਅਕਰਮ ਸਿੰਘ ਨਿਵਾਸੀ ਨਿਗਾਹਾ ਰੋਡ ਮੋਗਾ ਦੀ ਸ਼ਿਕਾਇਤ ’ਤੇ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤਿੰਨ ਟਰੱਕਾਂ ਦੇ ਇਲਾਵਾ ਵੱਡੀ ਮਾਤਰਾ ਵਿਚ ਚੋਰੀ ਕੀਤੀ ਗਈ ਕਣਕ ਨੂੰ ਬਰਾਮਦ ਕਰ ਲਿਆ ਹੈ ਅਤੇ ਉਕਤ ਗਿਰੋਹ ਦੇ ਹੋਰ ਮੈਂਬਰਾਂ ਨੂੰ ਕਾਬੂ ਕਰਨ ਲਈ ਪੁਲਸ  ਵੱਲੋਂ ਛਾਪੇਮਾਰੀ ਕੀਤੀ ਜਾ ਰਹੀ  ਹੈ। 


KamalJeet Singh

Content Editor

Related News