ਧਰਮ ਦੀ ਭੈਣ ਬਣਾ ਕੇ ਲੁੱਟਿਆ, ਸਦਮੇ ਨਾਲ ਮੌਤ

01/26/2020 1:48:53 AM

ਮੋਗਾ, (ਆਜ਼ਾਦ)— ਦੁਸਹਿਰਾ ਗਰਾਊਂਡ ਮੋਗਾ ਨਿਵਾਸੀ ਇਕ ਔਰਤ ਵੱਲੋਂ ਆਪਣੇ ਪਤੀ ਨਾਲ ਕਥਿਤ ਮਿਲੀਭੁਗਤ ਕਰ ਕੇ ਜੰਮੂ ਰਹਿੰਦੀ ਆਪਣੀ ਧਰਮ ਦੀ ਬਣਾਈ ਭੈਣ ਨੂੰ ਲੱਖਾਂ ਰੁਪਏ ਦੀ ਠੱਗੀ ਮਾਰਨ ਅਤੇ ਉਸ ਦੀ ਕਾਰ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਮੇ 'ਚ ਉਕਤ ਔਰਤ ਦੀ ਮੌਤ ਹੋ ਗਈ। ਮੋਗਾ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਮੋਗਾ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀਰ ਅਬਦੁਲ ਮਦੀਦ ਸ਼ਾਹ ਨਿਵਾਸੀ ਕੋਟਲੀ ਮੀਆਂ ਫਤਿਹ (ਜੰਮੂ) ਨੇ ਦੱਸਿਆ ਕਿ ਉਹ ਦੋ ਦਿਨ ਪੀਰ ਦੀ ਗੱਦੀ ਲਾਉਂਦਾ ਹੈ ਅਤੇ ਬਾਕੀ ਦਿਨ ਇਕ ਕੰਪਨੀ ਦੀ ਗੱਡੀ ਚਲਾਉਂਦਾ ਹੈ। ਮੇਰੀ ਬੇਟੀ ਸਮੀਮ ਅਖਤਰ 2007 ਤੋਂ 2011 ਤੱਕ ਦੁਸਹਿਰਾ ਗਰਾਊਂਡ ਮੋਗਾ 'ਚ ਕਿਰਾਏ ਦੇ ਮਕਾਨ 'ਚ ਰਹੀ, ਜਿੱਥੇ ਉਸ ਦਾ ਪਤੀ ਇਕ ਮੱਛੀ ਵਾਲੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਦੇ ਘਰ ਕੋਲ ਹੀ ਕਥਿਤ ਦੋਸ਼ੀ ਔਰਤ ਰੀਨਾ ਮਾਨ ਰਹਿੰਦੀ ਸੀ। ਮੇਰੀ ਲੜਕੀ ਦੀ ਰੀਨਾ ਮਾਨ ਧਰਮ ਦੀ ਭੈਣ ਬਣ ਗਈ, ਜਦੋਂ ਮੇਰੀ ਬੇਟੀ 2011 'ਚ ਵਾਪਸ ਜੰਮੂ ਗਈ ਤਾਂ ਉਹ ਉਸ ਨੂੰ ਪਤੀ-ਪਤਨੀ ਮਿਲਣ ਲਈ ਵੀ ਆਉਂਦੇ ਰਹੇ। ਜਨਵਰੀ, 2019 'ਚ ਮੇਰੀ ਬੇਟੀ ਦੇ ਪਿੱਤੇ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਕਾਰਣ ਰੀਨਾ ਮਾਨ ਅਤੇ ਉਸ ਦਾ ਪਤੀ ਰਜਿੰਦਰ ਉਰਫ ਸੋਨੂੰ ਆਪਣੇ ਦੋਸਤ ਨਾਲ ਜੰਮੂ ਉਸ ਦਾ ਪਤਾ ਲੈਣ ਲਈ 10 ਮਈ, 2019 ਨੂੰ ਆਏ। 17 ਮਈ ਨੂੰ ਅਚਾਨਕ ਰੀਨਾ ਮਾਨ ਨੂੰ ਇਕ ਫੋਨ ਆਇਆ ਤਾਂ ਉਹ ਰੋਣ ਲੱਗ ਪਈ ਅਤੇ ਮੈਨੂੰ ਕਿਹਾ ਕਿ ਮੇਰੇ ਬੇਟੇ ਦੀ ਹਾਲਤ ਬਹੁਤ ਖਰਾਬ ਹੈ। ਇਸ ਲਈ ਹੁਣੇ ਹੀ ਵਾਪਸ ਜਾਣਾ ਪਵੇਗਾ, ਜਿਸ 'ਤੇ ਮੈਂ ਆਪਣੀ ਗੱਡੀ ਲੈ ਕੇ ਜੰਮੂ ਤੋਂ ਉਨ੍ਹਾਂ ਨਾਲ ਮੋਗਾ ਲਈ ਚੱਲਿਆ, ਜਦੋਂ ਅਸੀਂ ਮੋਗਾ ਪਹੁੰਚੇ ਤਾਂ ਉਨ੍ਹਾਂ ਮੈਨੂੰ ਮੈਜਿਸਟਿਕ ਚੌਕ ਕੋਲ ਖੜ੍ਹਾ ਕਰ ਦਿੱਤਾ ਅਤੇ ਮੇਰੇ ਕੋਲੋਂ 10 ਹਜ਼ਾਰ ਰੁਪਏ ਲੈ ਕੇ ਗੱਡੀ ਵੀ ਲੈ ਗਏ ਅਤੇ ਕਿਹਾ ਕਿ ਅਸੀਂ ਆਪਣੇ ਬੇਟੇ ਦਾ ਪਤਾ ਕਰ ਕੇ ਆ ਰਹੇ ਹਾਂ। ਮੈਂ ਵਿਸ਼ਵਾਸ ਕਰ ਕੇ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਪਰ ਦੋ ਦਿਨ ਉਡੀਕ ਕਰਨ ਦੇ ਬਾਅਦ ਮੈਂ ਹੋਟਲ 'ਚ ਚਲਾ ਗਿਆ। ਮੈਂ ਦੋ ਦਿਨ ਉਡੀਕ ਕਰਦਾ ਰਿਹਾ। ਉਨ੍ਹਾਂ ਆ ਕੇ ਮੈਨੂੰ ਦੱਸਿਆ ਕਿ ਗੱਡੀ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਅਸੀਂ ਠੀਕ ਕਰਵਾ ਕੇ ਜੰਮੂ ਲੈ ਆਵਾਂਗੇ। ਉਨ੍ਹਾਂ ਦੇ ਕਹਿਣ 'ਤੇ ਮੈਂ ਏ. ਟੀ. ਐੱਮ. 'ਚੋਂ 20 ਹਜ਼ਾਰ ਰੁਪਏ ਕਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ ਅਤੇ ਜੰਮੂ ਚਲਾ ਗਿਆ। ਇਸ ਉਪਰੰਤ ਉਨ੍ਹਾਂ ਮੇਰੇ ਕੋਲੋਂ 1 ਲੱਖ 51 ਹਜ਼ਾਰ ਰੁਪਏ ਹੋਰ ਲੈ ਲਏ। ਉਪਰੰਤ ਉਨ੍ਹਾਂ ਗੱਡੀ ਖੁਰਦ-ਬੁਰਦ ਕਰ ਦਿੱਤੀ, ਜਦੋਂ ਮੈਂ ਉਨ੍ਹਾਂ ਨੂੰ ਗੱਡੀ ਵਾਪਸ ਕਰਨ ਲਈ ਕਿਹਾ ਤਾਂ ਉਨ੍ਹਾਂ ਗੱਡੀ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਦਾ ਪਤਾ ਮੇਰੀ ਬੇਟੀ ਨੂੰ ਲੱਗਾ ਤਾਂ ਉਸ ਨੇ ਆਪ੍ਰੇਸ਼ਨ ਵਾਲੀ ਜਗ੍ਹਾ 'ਤੇ ਮੁੱਕੇ ਮਾਰ ਲਏ ਅਤੇ ਬੇਹੋਸ਼ ਹੋ ਗਈ, ਜਿਸ ਨਾਲ ਮੈਡੀਕਲ ਕਾਲਜ 'ਚ 27 ਜੁਲਾਈ, 2019 ਨੂੰ ਉਸ ਨੇ ਦਮ ਤੋੜ ਦਿੱਤਾ। ਉਸ ਨੇ ਕਿਹਾ ਕਿ ਮੇਰੀ ਬੇਟੀ ਦੀ ਮੌਤ ਦੇ ਜ਼ਿੰਮੇਵਾਰ ਰੀਨਾ ਮਾਨ, ਉਸ ਦਾ ਪਤੀ ਰਜਿੰਦਰ ਉਰਫ ਸੋਨੂੰ ਅਤੇ ਉਸ ਦਾ ਦੋਸਤ ਗੁਰਜੀਤ ਸਿੰਘ ਉਰਫ ਗੋਲਡੀ ਨਿਵਾਸੀ ਪੁਰਾਣੀ ਦੁਸਹਿਰਾ ਗਰਾਊਂਡ ਮੋਗਾ ਹਨ। ਉਸ ਨੇ ਇਹ ਵੀ ਕਿਹਾ ਕਿ ਜਦੋਂ ਮੈਂ 6 ਜਨਵਰੀ, 2020 ਨੂੰ ਆਪਣੇ ਬੇਟੇ ਤਨਵੀਰ ਹੁਸੈਨਸ਼ਾਹ ਨਾਲ ਮੋਗਾ ਆਇਆ ਤਾਂ ਉਨ੍ਹਾਂ ਮੈਨੂੰ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਏ ਕਿ ਵਾਪਸ ਜੰਮੂ ਚਲੇ ਜਾਵੋ ਨਹੀਂ ਤਾਂ ਨਤੀਜਾ ਭੁਗਤਣਾ ਪਵੇਗਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਥਿਤ ਦੋਸ਼ੀ ਮੇਰੇ ਬੇਟੇ ਦੀ ਜੇਬ 'ਚੋਂ ਛੇ ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ, ਜਿਸ 'ਤੇ ਅਸੀਂ ਵਾਪਸ ਜੰਮੂ ਆ ਗਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ
ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਲਛਮਣ ਸਿੰਘ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੂੰ ਕਰਨ ਦਾ ਹੁਕਮ ਦਿੱਤਾ ਗਿਆ। ਜਾਂਚ ਉਪਰੰਤ ਥਾਣਾ ਸਿਟੀ ਮੋਗਾ ਵੱਲੋਂ ਪੀਰ ਅਬਦੁਲ ਮਦੀਦ ਸ਼ਾਹ ਪੁੱਤਰ ਅਬਦੁਲ ਅਜ਼ੀਜ਼ ਸ਼ਾਹ ਨਿਵਾਸੀ ਕੋਟਲੀ ਮੀਆਂ ਫਤਿਹ (ਜੰਮੂ) ਦੀ ਸ਼ਿਕਾਇਤ 'ਤੇ ਰੀਨਾ ਮਾਨ, ਉਸ ਦੇ ਪਤੀ ਰਜਿੰਦਰ ਉਰਫ ਸੋਨੂੰ ਅਤੇ ਉਸ ਦੇ ਦੋਸਤ ਗੁਰਜੀਤ ਸਿੰਘ ਉਰਫ ਗੋਲਡੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


KamalJeet Singh

Content Editor

Related News