ਮੀਂਹ ਦੇ ਪਾਣੀ ਕਾਰਨ ਵਾਪਰਿਆ ਸੜਕ ਹਾਦਸਾ

07/16/2019 12:44:41 AM

ਤਪਾ ਮੰਡੀ (ਸ਼ਾਮ,ਗਰਗ)—  ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਦੇ ਸਾਹਮਣੇ ਖੜ੍ਹੇ ਮੀਂਹ ਦੇ ਪਾਣੀ ਕਾਰਨ ਕਾਰਾਂ 'ਚ ਕਾਰਾਂ ਟਕਰਾਉਣ ਕਾਰਨ ਪਿਉ-ਪੁੱਤ ਸਣੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਈਸ਼ਵਰ ਸਿੰਘ ਵਾਸੀ ਬਰਨਾਲਾ ਰਾਮਪੁਰਾ ਵਿਖੇ ਦੁਕਾਨ ਕਰਦਾ ਹੈ, ਜੋ ਆਪਣੇ ਪਿਤਾ ਮੱਘਰ ਸਿੰਘ ਨਾਲ ਆਪਣੀ ਕਾਰ 'ਚ ਸਵਾਰ ਹੋ ਕੇ ਬਰਨਾਲਾ ਜਾ ਰਿਹਾ ਸੀ ਜਦ ਉਹ ਤਪਾ ਵਿਖੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਪੁੱਜੇ ਤਾਂ ਸੜਕ ਵਿਚਕਾਰ ਖੜ੍ਹੇ ਪਾਣੀ ਕਾਰਣ ਕਾਰ ਸੰਤੁਲਨ ਵਿਗੜਨ ਕਾਰਣ ਡਿਵਾਈਡਰ ਨਾਲ ਟਕਰਾ ਗਈ, ਜਿਸ 'ਤੇ ਪਿਉ-ਪੁੱਤ ਜ਼ਖਮੀ ਹੋ ਗਏ। ਜ਼ਖਮੀਆਂ ਲਈ ਇਨਸਾਨੀਅਤ ਤੌਰ 'ਤੇ ਆਪਣੀ ਕਾਰ ਤੋਂ ਉੱਤਰੇ ਸ਼ਾਮ ਸੁੰਦਰ ਜੋ ਕਿ ਆਪਣੀ ਪਤਨੀ ਨੀਲਮ ਕੁਮਾਰੀ ਸਮੇਤ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ, ਨੇ ਆਪਣੀ ਕਾਰ ਰੋਕੀ ਹੀ ਸੀ ਕਿ ਪਿੱਛੋਂ ਇਕ ਹੋਰ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਕਾਰ 'ਚ ਬੈਠੀ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਮੈਂਬਰ ਮੌਕੇ 'ਤੇ ਪੁੱਜੇ ਜਿਨ੍ਹਾਂ ਗੰਭੀਰ ਜ਼ਖ਼ਮੀ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਅਤੇ ਦੂਸਰੇ ਜ਼ਖਮੀਆਂ ਨੂੰ ਪ੍ਰਾਈਵੇਟ ਵਾਹਨਾਂ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਬਜ਼ੁਰਗ ਮੱਘਰ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਹਾਲਤ ਗੰਭੀਰ ਦੇਖਦੇ ਹੋਏ ਬਾਹਰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਤਪਾ ਪੁਲਸ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਹਾਦਸੇ 'ਚ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।

KamalJeet Singh

This news is Content Editor KamalJeet Singh