ਕਾਰ ਸੜਕ ਹਾਦਸੇ ''ਚ ਵਾਲ-ਵਾਲ ਬਚੇ ਦੋ ਵਿਅਕਤੀ

06/25/2018 7:43:17 AM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਮੁਕਤਸਰ -ਕੋਟਕਪੂਰਾ ਰੋਡ 'ਤੇ ਪਿੰਡ ਵਾੜਾ ਦੜਾਕਾ ਬੱਸ ਅੱਡੇ ਨੇੜੇ ਸਵਿਫ਼ਟ ਕਾਰ ਨੰਬਰ ਪੀ.ਬੀ. 46 ਐੱਸ 6170 ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਕਾਰ ਚਾਲਕ ਅਤੇ ਉਸਦਾ ਹੋਰ ਸਾਥੀ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਪਿੰਡ ਪੱਟੀ (ਤਰਨਤਾਰਨ) ਤੋਂ ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਖੇ ਮੱਥਾ ਟੇਕਣ ਆਏ ਸਨ। ਜਦ ਉਹ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਤਾਂ ਪਿੰਡ ਵਾੜਾ ਦੜਾਕਾ ਨੇੜੇ ਇਕ ਵਿਅਕਤੀ ਜੋ ਸੜਕ ਪਾਰ ਕਰਨ ਲੱਗਿਆ ਅਚਾਨਕ ਇਨ੍ਹਾਂ ਦੀ ਕਾਰ ਅੱਗੇ ਆ ਗਿਆ। 
ਉਸ ਨੂੰ ਬਚਾਉਣ ਲਈ ਕਾਰ ਤੇਜ ਗਤੀ 'ਚ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਖੜੇ ਮੋਟਰਸਾਈਕਲ ਨਾਲ ਜਾ ਟਕਰਾਈ। ਕੁਦਰਤੀ ਤੌਰ 'ਤੇ ਮੋਟਰਸਾਈਕਲ ਚਾਲਕ ਕਿਸੇ ਕੰਮ ਲਈ ਸੜਕ 'ਤੇ ਸਥਿਤ ਦੁਕਾਨ ਅੰਦਰ ਗਿਆ ਹੋਇਆ ਸੀ, ਜਿਸ ਕਾਰਨ ਉਹ ਵੀ ਵਾਲ-ਵਾਲ ਬਚ ਗਿਆ। ਇਸ ਹਾਦਸੇ ਦੌਰਾਨ ਕਾਰ ਅਤੇ ਮੋਟਰਸਾਈਕਲ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋ ਗਿਆ। ਜਦਕਿ ਕਾਰ 'ਚ ਸਫ਼ਰ ਕਰ ਰਹੇ ਦੋਵਾਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗ ਗਈਆਂ। ਵਰਣਨਯੋਗ ਹੈ ਕਿ ਇਸ ਸੜਕ 'ਤੇ ਹਰੇਕ ਵਹੀਕਲ ਪਾਸੋਂ ਟੋਲ ਟੈਕਸ ਵਸੂਲਿਆ ਜਾਂਦਾ ਹੈ ਪਰ ਇਸ ਸੜਕ 'ਤੇ ਟੋਲ ਟੈਕਸ ਵਾਲੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ। ਇਸ ਪਿੰਡਾਂ ਦੇ ਨੇੜੇ ਸਪੀਡ ਬਰੇਕਰ ਵਗੈਰਾ ਵੀ ਨਹੀਂ ਬਣਾਏ ਗਏ।