ਟਰੱਕ ਦਾ ਪਿੱਛਾ ਕਰ ਰਹੇ ਪੁਲਸ ਕਰਮਚਾਰੀਆਂ ਨੂੰ ਚਾਲਕ ਨੇ ਮਾਰੀ ਟੱਕਰ, ਇਕ ਜ਼ਖਮੀ (ਵੀਡੀਓ)

04/18/2018 4:23:15 PM

ਫਿਰੋਜ਼ਪੁਰ (ਕੁਮਾਰ) - ਅੱਜ ਫਿਰੋਜ਼ਪੁਰ ਧਾਵਨੀ ਦੇ ਨੇੜੇ ਸਤੀਏ ਵਾਲਾ ਬਾਈਪਾਸ ਕੋਲ ਇਕ ਬੋਰੀਆਂ ਨਾਲ ਭਰੇ ਟੱਰਕ ਚਾਲਕ ਦਾ ਪਿੱਛਾ ਕਰ ਰਹੇ ਮੋਟਰਸਾਇਕਲ ਸਵਾਰ ਕਰਮਚਾਰੀਆਂ ਨੂੰ ਟੱਰਕ ਚਾਲਕ ਨੇ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇਕ ਕਰਮਚਾਰੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ।


ਮਿਲੀ ਜਾਣਕਾਰੀ ਅਨੁਸਾਰ ਟਰੱਕ ਚਾਲਕ ਦੀ ਗਲਤੀ ਕਾਰਨ ਹੋਏ ਇਸ ਹਾਦਸੇ 'ਚ ਪੁਲਸ ਕਰਮਚਾਰੀ ਵਾਲ-ਵਾਲ ਬਚ ਗਏ ਪਰ ਟਰੱਕ ਦੂਰ-ਦੂਰ ਤੱਕ ਉਨ੍ਹਾਂ ਦਾ ਮੋਟਰਸਾਇਕਲ ਘੜੀਸਦਾ ਹੋਇਆ ਲੈ ਗਿਆ ਅਤੇ ਟਰੱਕ ਸਕੂਲ ਦੀ ਕੰਧ ਨਾਲ ਜਾ ਲਗਾ। ਸੜਕ 'ਤੇ ਨਿਕਲਦੀ ਅੱਗ ਦੀਆਂ ਚਿਗਾੜੀਆਂ ਨਾਲ ਟਰੱਕ ਅਤੇ ਮੋਟਰਸਾਇਕਲ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਟਰੱਕ ਅਤੇ ਟਰੱਕ 'ਚ ਲੱਧੀਆਂ ਬੋਰੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ 'ਚ ਟਰੱਕ ਚਾਲਕ ਮੌਕੇ 'ਤੇ ਫਰਾਰ ਹੋ ਗਿਆ।

ਘਟਨਾ ਵਾਲੀ ਜਗ੍ਹਾਂ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਈਪਾਸ ਰੋਡ 'ਤੇ ਟਰੱਕ ਜਾ ਰਿਹਾ ਸੀ। ਦੂਜੇ ਪਾਸੇ ਥਾਣਾ ਕੁਲਗੜ੍ਹੀ ਦੇ ਪੁਲਸ ਕਰਮਚਾਰੀ ਮੋਟਰਸਾਇਕਲ 'ਤੇ ਸਵਾਰ ਹੋ ਕੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸਨ। ਪੁਲਸ ਕਰਮਚਾਰੀਆਂ ਨੂੰ ਚਾਲਕ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਛਲਾਂਗ ਮਾਰ ਕੇ ਬਚ ਗਏ ਅਤੇ ਟਰੱਕ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।