ਮੰਤਰੀ ਨੇ ਮੰਨੀਆਂ ਸ਼ੈੱਲਰ ਐਸੋ. ਦੀਆਂ ਮੰਗਾਂ

09/25/2019 10:29:40 AM

ਪਟਿਆਲਾ (ਰਾਜੇਸ਼)—ਪੰਜਾਬ ਦੇ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੰਨਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਨੇ ਮੰਤਰੀ ਨੂੰ ਕਿਹਾ ਕਿ ਉਹ ਹੜਤਾਲ ਵਿਚ ਸ਼ਾਮਲ ਨਹੀਂ ਹੋਣਗੇ। ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਅਤੇ ਸੀਨੀਅਰ ਮੀਤ-ਪ੍ਰਧਾਨ ਸਤ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਸੂਬਾ ਪੱਧਰੀ ਵਫਦ ਮੰਤਰੀ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਤੋਂ ਪਹਿਲਾਂ 5 ਲੱਖ ਰੁਪਏ ਸਿਕਿਓਰਿਟੀ ਲਈ ਜਾਂਦੀ ਸੀ। ਹੁਣ ਸਰਕਾਰ ਨੇ 10 ਲੱਖ ਕਰ ਦਿੱਤੀ ਹੈ। ਆਰਥਕ ਮੰਦੀ ਕਾਰਨ ਸ਼ੈੱਲਰ ਮਾਲਕ 10 ਲੱਖ ਰੁਪਏ ਸਕਿਓਰਿਟੀ ਦੇਣ ਤੋਂ ਅਸਮਰੱਥ ਹਨ। ਇਸ ਲਈ ਇਸ ਨੂੰ 5 ਲੱਖ ਰੁਪਏ ਹੀ ਰੱਖਿਆ ਜਾਵੇ। ਇਸ ਦੇ ਨਾਲ ਹੀ ਸੀ. ਐੱਮ. ਆਰ. ਸਕਿਓਰਿਟੀ, ਜਿਹੜੀ ਪਹਿਲਾਂ 100 ਰੁਪਏ ਮੀਟ੍ਰਿਕ ਟਨ ਲਈ ਜਾਂਦੀ ਹੈ, ਇਹ ਸਰਕਾਰ ਨੇ 125 ਰੁਪਏ ਮੀਟ੍ਰਿਕ ਟਨ ਕਰ ਦਿੱਤੀ ਹੈ। ਇਸ ਨੂੰ 100 ਰੁਪਏ ਰੱਖਣ ਦੀ ਮੰਗ ਕੀਤੀ ਗਈ। ਸਰਕਾਰ ਵੱਲੋਂ 4 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਮਾਲ ਵਾਲੇ ਸ਼ੈੱਲਰਾਂ ਨੂੰ ਬੈਂਕ ਗਾਰੰਟੀ ਦੇਣ ਲਈ ਕਿਹਾ ਗਿਆ ਹੈ। ਪਹਿਲਾਂ ਇਹ ਸ਼ਰਤ 5 ਹਜ਼ਾਰ ਮੀਟ੍ਰਿਕ ਟਨ 'ਤੇ ਲਾਗੂ ਹੁੰਦੀ ਸੀ।

ਸ਼ੈੱਲਰ ਮਾਲਕਾਂ ਨੇ ਕਿਹਾ ਕਿ ਬੈਂਕ ਗਾਰੰਟੀ 5 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਵਾਲਿਆਂ ਤੋਂ ਹੀ ਲਈ ਜਾਵੇ। ਇਸ ਦੇ ਨਾਲ ਹੀ ਸ਼ੈੱਲਰ ਮਾਲਕਾਂ 'ਤੇ ਕੁਆਲਟੀ ਕੱਟ 'ਤੇ ਲਾਏ ਗਏ ਵਿਆਜ ਨੂੰ ਖਤਮ ਕੀਤਾ ਜਾਵੇ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਦੀਆਂ ਇਹ ਮੰਗਾਂ ਜਾਇਜ਼ ਹਨ। ਇਕ-ਦੋ ਦਿਨ ਵਿਚ ਹੀ ਇਹ ਮੰਗਾਂ ਮੰਨਣ ਬਾਰੇ ਸਰਕਾਰੀ ਤੌਰ 'ਤੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਮੰਤਰੀ ਦੇ ਇਸ ਐਲਾਨ ਤੋਂ ਬਾਅਦ ਐਸੋਸੀਏਸ਼ਨ ਨੇ ਕਿਹਾ ਕਿ ਸ਼ੈੱਲਰ ਮਾਲਕ ਕਿਸੇ ਵੀ ਤਰ੍ਹਾਂ ਦੀ ਹੜਤਾਲ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਸ਼ੈੱਲਰ ਮਾਲਕ ਉਨ੍ਹਾਂ ਦੀ ਐਸੋਸੀਏਸ਼ਨ ਦੇ ਨਾਲ ਹਨ। ਕੈਬਨਿਟ ਮੰਤਰੀ ਆਸ਼ੂ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਮੰਨ ਰਹੇ ਹਨ ਤਾਂ ਹੜਤਾਲ ਦੀ ਕੋਈ ਜ਼ਰੂਰਤ ਨਹੀਂ ਹੈ। ਮੀਟਿੰਗ ਵਿਚ ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਅਮਨ ਪੰਜਰਥ ਸਮਾਣਾ, ਰਜਨੀਸ਼ ਕਾਂਸਲ ਸੁਨਾਮ, ਰਾਕੇਸ਼ ਕੁਮਾਰ ਰਿਸ਼ੂ ਅਹਿਮਦਗੜ੍ਹ, ਹਰਪ੍ਰੀਤ ਢਿੱਲੋਂ, ਪ੍ਰਵੀਨ ਜੈਨ ਜਲੰਧਰ, ਜੈਪਾਲ ਗੋਇਲ ਪ੍ਰਧਾਨ ਜਲੰਧਰ ਡਵੀਜ਼ਨ, ਅੰਕੁਰ ਪ੍ਰਧਾਨ ਜਗਰਾਓਂ, ਰੋਹਿਤ ਗਰਗ ਅਤੇ ਮੋਹਨਕੁਸ਼ ਅੱਗਰਵਾਲ ਤੋਂ ਇਲਾਵਾ ਹੋਰ ਕਈ ਸ਼ੈੱਲਰ ਮਾਲਕ ਹਾਜ਼ਰ ਸਨ।


Shyna

Content Editor

Related News