ਬਿਜਲੀ ਬੋਰਡ ਦੀ ਰਿਟਾਇਰਡ ਮਹਿਲਾ ਕਰਮਚਾਰੀ ਤੋਂ ਲੱਖਾਂ ਦਾ ਸੋਨਾ-ਚਾਂਦੀ ਲੈ ਕੇ ਠੱਗ ਫਰਾਰ

06/14/2019 1:28:16 AM

ਮੋਗਾ, (ਅਜ਼ਾਦ)- ਅੱਜ ਦਿਨ ਦਿਹਾਡ਼ੇ ਨਾਨਕ ਨਗਰੀ ਮੋਗਾ ਨਿਵਾਸੀ ਸੁਰਿੰਦਰ ਕੌਰ ਨੂੰ ਸੋਨਾ-ਚਾਂਦੀ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਅਤੇ ਔਰਤ ਉਸਦੇ ਘਰ ਵਿਚੋਂ ਲੱਖਾਂ ਰੁਪਏ ਦਾ ਸੋਨਾ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਸੰਬੰਧ ਵਿਚ ਥਾਣਾ ਸਿਟੀ ਮੋਗਾ ਵੱਲੋਂ ਪੀਡ਼ਤ ਮਹਿਲਾ ਸੁਰਿੰਦਰ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਅਤੇ ਮਹਿਲਾ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਕੌਰ, ਜੋ ਬਿਜਲੀ ਬੋਰਡ ਦੀ ਰਿਟਾਇਰਡ ਕਰਮਚਾਰੀ ਹੈ। ਅੱਜ ਜਦ 12 ਵਜੇ ਦੇ ਕਰੀਬ ਆਪਣੇ ਘਰ ਦੇ ਨੇਡ਼ੇ ਲੱਗੀ ਠੰਡੇ ਮਿੱਠੇ ਪਾਣੀ ਵਾਲੀ ਛਬੀਲ ਤੋਂ ਪਾਣੀ ਲੈ ਕੇ ਘਰ ਵਾਪਸ ਜਾਣ ਲੱਗੀ, ਤਾਂ ਉਥੇ ਮੋਟਰਸਾਈਕਲ ’ਤੇ ਸਵਾਰ ਇਕ ਅਣਪਛਾਤਾ ਵਿਅਕਤੀ ਔਰਤ ਸਮੇਤ ਆ ਕੇ ਰੁਕਿਆ, ਜਿਸ ਦੇ ਨਾਲ ਇਕ 12-13 ਸਾਲਾ ਲਡ਼ਕਾ ਵੀ ਸੀ। ਉਨ੍ਹਾਂ ਨੇ ਵੀ ਉਕਤ ਛਬੀਲ ਤੋਂ ਠੰਡਾ-ਮਿੱਠਾ ਪਾਣੀ ਪੀਤਾ ਅਤੇ ਜਦ ਜਾਣ ਲੱਗੇ ਤਾਂ ਉਹ ਸੁਰਿੰਦਰ ਕੌਰ ਤੋਂ ਪੁੱਛਣ ਲੱਗੇ ਕਿ ਅਸੀਂ ਗੁਰਦੁਆਰਾ ਨਾਨਕਸਰ ਜਾਣਾ ਹੈ, ਸਾਨੂੰ ਰਸਤਾ ਦੱਸ ਦਿਓ ਅਤੇ ਗੱਲਾਂ ਕਰਦੇ-ਕਰਦੇ ਨੇਡ਼ੇ ਹੀ ਉਨ੍ਹਾਂ ਦੇ ਘਰ ਪਹੁੰਚ ਗਏ ਉਥੇ ਜਾ ਕੇ ਵੀ ਉਨ੍ਹਾਂ ਪਾਣੀ ਪੀਤਾ ਅਤੇ ਉਹ ਸੁਰਿੰਦਰ ਕੌਰ ਨੂੰ ਕਹਿਣ ਲੱਗੇ ਕਿ ਉਹ ਸੋਨਾ-ਚਾਂਦੀ ਦੁੱਗਣਾ ਕਰ ਦਿੰਦੇ ਹਨ, ਜੇਕਰ ਤੁਸੀਂ ਕਰਵਾਉਣਾ ਹੈ ਤਾਂ ਕਰਵਾ ਲਓ। ਉਕਤ ਦੋਵਾਂ ਨੇ ਉਸ ਨੂੰ ਆਪਣੇ ਜਾਲ ਵਿਚ ਅਜਿਹਾ ਫਸਾਇਆ ਕਿ ਸੁਰਿੰਦਰ ਕੌਰ ਨੇ ਕਰੀਬ 11 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿਚ ਸੋਨੇ ਦੀਆਂ ਚੂਡ਼ੀਆਂ, ਚੇਨੀ, ਅੰਗੂਠੀਆਂ, ਵਾਲੀਆਂ ਦੇ ਇਲਾਵਾ ਚਾਂਦੀ ਦੇ ਗਹਿਣੇ ਵੀ ਸਨ, ਉਨ੍ਹਾਂ ਨੂੰ ਲਿਆ ਕੇ ਦੇ ਦਿੱਤੇ, ਜਿਸ ’ਤੇ ਉਕਤ ਵਿਅਕਤੀ ਅਤੇ ਮਹਿਲਾ ਨੇ ਕਿਹਾ ਕਿ ਸਾਰਿਆਂ ਨੂੰ ਇਕ ਸਫੈਦ ਕੱਪਡ਼ੇ ਵਿਚ ਬੰਨ ਦਿਓ ਅਤੇ ਆਪ ਇਸ ਨੂੰ ਪੰਜ ਵਜੇ ਖੋਲ੍ਹਣਾ, ਇਹ ਦੁੱਗਣਾ ਹੋ ਜਾਵੇਗਾ ਅਤੇ ਘਰ ਦੇ ਅੰਦਰ ਲੈ ਜਾ ਕੇ ਰੱਖ ਦਿਓ। ਜਦੋਂ ਹੀ ਸੁਰਿੰਦਰ ਕੌਰ ਉਕਤ ਪੋਟਲੀ ਨੂੰ ਅੰਦਰ ਰੱਖਣ ਲਈ ਗਈ ਤਾਂ ਉਕਤ ਅਣਪਛਾਤੇ ਵਿਅਕਤੀ ਮਹਿਲਾ ਅਤੇ ਬੱਚੇ ਸਮੇਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਜਦ ਸੁਰਿੰਦਰ ਕੌਰ ਨੇ ਪੋਟਲੀ ਖੋਲ੍ਹ ਕੇ ਦੇਖੀ ਤਾਂ ਉਸ ਵਿਚ ਪੱਥਰ ਦੇ ਟੁੱਕਡ਼ੇ ਅਤੇ ਅਖਬਾਰ ਦੇ ਕਾਗਜ਼ ਬੰਨ੍ਹੇ ਹੋਏ ਸਨ। ਜਿਸ ’ਤੇ ਉਸ ਨੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਉਥੇ ਪੁੱਜੇ ਅਤੇ ਪੀਡ਼ਤ ਮਹਿਲਾ ਦੇ ਬਿਆਨ ਦਰਜ ਕੀਤੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁਛਗਿੱਛ ਕਰਨ ਦੇ ਇਲਾਵਾ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਉਕਤ ਵਿਅਕਤੀ ਅਤੇ ਮਹਿਲਾ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।

ਲੋਕ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ

ਇਸ ਸਬੰਧੀ ਕੌਂਸਲਰ ਗੋਵਰਧਨ ਪੋਪਲੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੋਈ ਵੀ ਅਨਜਾਣ ਵਿਅਕਤੀ ਜਾਂ ਔਰਤ ਮਿਲਦੀ ਹੈ ਤਾਂ ਉਸ ਨੂੰ ਘਰ ’ਚ ਨਾ ਵਡ਼ਣ ਦਿਉ ਅਤੇ ਨਾ ਹੀ ਕੋਈ ਫਾਲਤੂ ਗੱਲਬਾਤ ਕਰੋ। ਅਜਿਹੇ ਵਿਅਕਤੀਆਂ ਤੋਂ ਦੂਰੀ ਹੀ ਬਣਾ ਕੇ ਰੱਖੋ।


Bharat Thapa

Content Editor

Related News