ਸੇਵਾਮੁਕਤ ਤਹਿਸੀਲਦਾਰਾਂ, ਈ.ਓ.ਅਤੇ ਸਾਬਕਾ ਕੌਂਸਲਰ ਲਾਲੀ ਖਿਲਾਫ ਦਰਜ ਧੋਖਾਦੇਹੀ ਦਾ ਮਾਮਲਾ ਗਰਮਾਇਆ

03/03/2020 3:25:41 PM

ਨਾਭਾ (ਸੁਸ਼ੀਲ ਜੈਨ): ਵਿਜੀਲੈਂਸ ਬਿਊਰੋ ਵੱਲੋਂ ਸਥਾਨਕ ਸਾਬਕਾ ਕੌਂਸਲਰ ਭੁਪਿੰਦਰ ਸਿੰਘ (ਲਾਲੀ) ਪੁੱਤਰ ਆਸਾ ਸਿੰਘ, ਉਨ੍ਹਾਂ ਦੀ ਪਤਨੀ ਜਸਵੀਰ ਕੌਰ ਅਤੇ ਬੇਟੇ ਸੁਖਵਿੰਦਰ ਸਿੰਘ (ਰਾਣਾ), ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਸੇਵਾਮੁਕਤ) ਸੁਰਜੀਤ ਸਿੰਘ, ਤਹਿਸੀਲਦਾਰ-ਕਮ-ਸਬ ਰਜਿਸਟਰਾਰ (ਸੇਵਾਮੁਕਤ) ਰਮੇਸ਼ ਗਰਗ, ਸੇਵਾਮੁਕਤ ਤਹਿਸੀਲਦਾਰ ਹਰਿੰਦਰ ਕੁਮਾਰ ਅਤੇ ਕੌਂਸਲ ਦੇ ਕਲਰਕ ਹਰੀਸ਼ ਕੁਮਾਰ ਭਾਟੀਆ ਖਿਲਾਫ਼ ਧੋਖਾਦੇਹੀ ਅਤੇ ਜਾਅਲਸਾਜ਼ੀ ਨਾਲ ਨਗਰ ਨਿਗਮ ਦਾ ਪਲਾਟ ਵੇਚਣ ਅਤੇ ਕਬਜ਼ਾ ਕਰਨ ਦੇ ਦੋਸ਼ ਵਿਚ ਦਰਜ ਮਾਮਲਾ ਅੱਜ ਗਰਮਾ ਗਿਆ।

ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਸੂਬਾ ਕੋਆਰਡੀਨੇਟਰ ਗੁਰਦੇਵ ਸਿੰਘ ਦੇਵਮਾਨ ਨੇ ਦੋਸ਼ ਲਾਇਆ ਕਿ 33 ਸਾਲ ਪੁਰਾਣੇ ਕੇਸ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਖੋਲ੍ਹ ਕੇ ਪੁਲਸ ਮਾਮਲਾ ਇਸ ਕਰ ਕੇ ਦਰਜ ਕੀਤਾ ਗਿਆ ਹੈ ਕਿ 4 ਦਸੰਬਰ 2019 ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਸਾਬਕਾ ਕੌਂਸਲਰ ਲਾਲੀ ਦੇ ਘਰ ਆ ਕੇ ਨਾਸ਼ਤਾ ਕੀਤਾ ਸੀ। 1986 ਤੋਂ ਲੈ ਕੇ 2019 ਤੱਕ ਲਾਲੀ ਕਾਂਗਰਸ ਵਿਚ ਰਿਹਾ ਤਾਂ ਕੋਈ ਮਾਮਲਾ ਦਰਜ ਨਹੀਂ ਹੋਇਆ ਜਦੋਂ ਆਮ ਆਦਮੀ ਪਾਰਟੀ ਦਾ 'ਝਾੜੂ' ਫੜਿਆ ਤਾਂ ਮਾਮਲਾ ਦਰਜ ਕਰ ਲਿਆ ਗਿਆ ਜਦੋਂ ਕਿ ਨਗਰ ਕੌਂਸਲ ਵਲੋਂ ਜਾਰੀ ਟੀ. ਐੱਸ. ਵਨ ਫਾਰਮ ਅਨੁਸਾਰ 30 ਸਾਲ ਪਹਿਲਾਂ ਪਲਾਟ ਦੀ ਰਜਿਸਟਰੀ ਹੋਈ ਸੀ।ਦੇਵਮਾਨ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਸਾਡੀ ਪਾਰਟੀ ਵਲੋਂ ਉਠਾਇਆ ਜਾਵੇਗਾ ਤਾਂ ਜੋ ਕਿਸੇ ਆਈ. ਪੀ. ਐੱਸ. ਅਫ਼ਸਰ ਤੋਂ ਨਿਰਪੱਖ ਜਾਂਚ ਕਰਵਾਈ ਜਾ ਸਕੇ ਅਤੇ ਨਾਜਾਇਜ਼ ਪ੍ਰੇਸ਼ਾਨ ਕਰਨ ਵਾਲੇ ਸੱਤਾਧਾਰੀ ਆਗੂਆਂ ਖਿਲਾਫ਼ ਕਾਰਵਾਈ ਹੋ ਸਕੇ।


Shyna

Content Editor

Related News