ਭਗੌੜੇ ਵਲੋਂ ਜਾਅਲੀ ਦਸਤਾਵੇਜ਼ ਦਿਖਾ ਕੇ ਪਾਸਪੋਰਟ ਕਰਵਾਇਆ ਰੀਨਿਊ, ਮਾਮਲਾ ਦਰਜ

04/24/2020 7:41:55 PM

ਮੋਗਾ, (ਆਜ਼ਾਦ)— ਲੜਾਈ ਝਗੜੇ ਤੇ ਅਸਲਾ ਐਕਟ 'ਚ ਨਾਮਜ਼ਦ ਵਿਅਕਤੀ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਤੋਂ ਬਾਅਦ ਵਿਅਕਤੀ ਨੇ ਆਪਣਾ ਪਾਸਪੋਰਟ ਰੀਨਿਊ ਕਰਾਉਣ ਲਈ ਪਾਸਪੋਰਟ ਅਥਾਰਟੀ ਨੂੰ ਗਲਤ ਕਾਗਜ਼ਾਤ ਦਿਖਾ ਕੇ ਰੀਨਿਊ ਕਰਵਾ ਲਿਆ। ਪੁਲਸ ਨੇ ਵਿਅਕਤੀ ਖਿਲਾਫ ਪਾਸਪੋਰਟ ਐਕਟ ਸਮੇਤ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੋਸਾਂਝ ਦੇ ਵਿਅਕਤੀ ਬਲਵਿੰਦਰ ਸਿੰਘ ਵੱਲੋਂ ਐੱਸ. ਐੱਸ. ਪੀ. ਮੋਗਾ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਪਿੰਡ ਦੇ ਹੀ ਵਿਅਕਤੀ ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣਾ ਪਹਿਲਾ ਪਾਸਪੋਰਟ ਸਾਲ 2005 'ਚ ਆਪਣੇ ਨਾਨਕੇ ਪਿੰਡ ਸੈਦੋਕੇ ਦੇ ਪਤੇ 'ਤੇ ਬਣਵਾਇਆ ਸੀ। ਉਸ ਨੇ ਦੱਸਿਆ ਕਿ ਸਾਲ 2011 'ਚ ਜਸਪਾਲ ਸਿੰਘ ਖਿਲਾਫ਼ ਮਾਮਲਾ ਦਰਜ ਹੋਇਆ ਸੀ।

ਜਸਪਾਲ ਸਿੰਘ ਵੱਲੋਂ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਪਰ ਜਸਪਾਲ ਸਿੰਘ ਵੱਲੋਂ ਆਪਣੇ ਪਾਸਪੋਰਟ ਨੂੰ ਰੀਨਿਊ ਕਰਾਉਣ ਲਈ ਪਾਸਪੋਰਟ ਅਥਾਰਟੀ ਨੂੰ ਗਲਤ ਕਾਗਜ਼ਾਤ ਦਿਖਾ ਕੇ ਆਪਣਾ ਪਾਸਪੋਰਟ ਰੀਨਿਊ ਕਰਵਾਇਆ ਹੈ। ਐੱਸ. ਐੱਸ. ਪੀ. ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਥਾਨਕ ਨੂੰ ਕਰਨ ਦੇ ਆਦੇਸ਼ ਦਿੱਤੇ। ਜਾਂਚ ਪੜਤਾਲ ਦੌਰਾਨ ਜਸਪਾਲ ਸਿੰਘ ਖਿਲਾਫ਼ ਦੋਸ਼ ਸਹੀ ਪਾਏ ਜਾਣ 'ਤੇ ਪੁਲਸ ਨੇ ਉਸ ਖਿਲਾਫ ਥਾਣਾ ਮਹਿਣਾ 'ਚ ਪਾਸਪੋਰਟ ਐਕਟ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
 


KamalJeet Singh

Content Editor

Related News