ਧਾਰਮਕ ਸੰਸਥਾ ਦਾ ਸੇਵਾਦਾਰ ਹੈਰੋਇਨ ਪੀਂਦਾ ਇਨੋਵਾ ਸਣੇ ਕਾਬੂ

08/23/2019 1:58:55 PM

ਨਿਹਾਲ ਸਿੰਘ ਵਾਲਾ, ਬਿਲਾਸਪੁਰ (ਬਾਵਾ, ਜਗਸੀਰ)—ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਪੁਲਸ ਪਾਰਟੀ ਨੇ ਇਕ ਧਾਰਮਕ ਸੰਸਥਾ ਦੇ ਸੇਵਾਦਾਰ ਨੂੰ ਪਿੰਡ ਲੁਹਾਰਾ ਨੇੜਿਓਂ ਹੈਰੋਇਨ ਪੀਂਦੇ ਰੰਗੇ ਹੱਥੀਂ ਇਨੋਵਾ ਗੱਡੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਮਨਜੀਤ ਸਿੰਘ ਅਤੇ ਥਾਣਾ ਮੁਖੀ ਲਛਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਮੰਗਲ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਨਸ਼ਾ ਸਮੱਗਲਰਾਂ ਦੀ ਤਲਾਸ਼ ਮੰਡੀ ਨਿਹਾਲ ਸਿੰਘ ਵਾਲਾ, ਲੁਹਾਰਾ, ਮਾਛੀਕੇ ਆਦਿ ਪਿੰਡਾਂ ਵਿਚ ਕੀਤੀ ਜਾ ਰਹੀ ਸੀ ਤਾਂ ਪਿੰਡ ਲੁਹਾਰਾ ਨੇੜੇ ਬਾਈਪਾਸ ਸੜਕ ਕਿਨਾਰੇ ਇਕ ਗੱਡੀ ਪੀ ਬੀ 32 ਡਬਲਿਊ 0013 ਇਨੋਵਾ ਕ੍ਰਿਸਟਾ, ਰੰਗ ਗਰੇਅ ਸ਼ੱਕੀ ਹਾਲਤ ਵਿਚ ਖੜ੍ਹੀ ਮਿਲੀ। ਪੁਲਸ ਨੇ ਗੱਡੀ ਰੋਕ ਕੇ ਦੇਖਿਆ ਤਾਂ ਡਰਾਈਵਰ ਸੀਟ 'ਤੇ ਇਕ ਵਿਅਕਤੀ ਬੈਠਾ ਸੀ ਜੋ ਕਿ ਕੁਝ ਪੀ ਰਿਹਾ ਸੀ।

ਪੁਲਸ ਮੁਲਾਜ਼ਮਾਂ ਨੇ ਗੱਡੀ ਦੀ ਅਗਲੀ ਬਾਰੀ ਖੋਲ੍ਹ ਕੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਗੁਰਪਾਲ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਕਿਲੀ ਨੌਂ ਅਬਾਦ ਥਾਣਾ ਜ਼ੀਰਾ (ਫਿਰੋਜ਼ਪੁਰ) ਦੱਸਿਆ ਅਤੇ ਆਪਣੇ-ਆਪ ਨੂੰ ਇਕ ਧਾਰਮਕ ਸੰਸਥਾ ਦਾ ਸੇਵਾਦਾਰ ਦੱਸਿਆ। ਸਹਾਇਕ ਥਾਣੇਦਾਰ ਮੰਗਲ ਸਿੰਘ ਨੇ ਕਿਹਾ ਕਿ ਉਸ ਕੋਲ ਕੋਈ ਨਸ਼ੇ ਵਾਲੀ ਚੀਜ਼ ਜਾਪਦੀ ਹੈ ਕਿਉਂਕਿ ਉਸ ਦੇ ਮੂੰਹ ਅਤੇ ਗੱਡੀ ਵਿਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਕਰ ਕੇ ਅਸੀਂ ਤਲਾਸ਼ੀ ਲਈ। ਇਸ ਦੌਰਾਨ ਉਸ ਦੇ ਸੱਜੇ ਹੱਥ ਵਿਚੋਂ ਦਸ ਰੁਪਏ ਦੇ ਭਾਰਤੀ ਕਰੰਸੀ ਨੋਟ ਦੀ ਗੋਲ ਬੱਤੀ (ਪਾਈਪ) ਜਿਹੀ ਬਰਾਮਦ ਹੋਈ ਅਤੇ ਕੁੜਤੇ ਦੇ ਸੱਜੇ ਖੀਸੇ ਵਿਚੋਂ ਇਕ ਸਿਲਵਰ ਪੇਪਰ ਦੀ ਪੰਨੀ ਅੱਧਜਲੀ ਅਤੇ ਇਕ ਲਾਈਟਰ ਬਰਾਮਦ ਹੋਇਆ। ਉਸ ਕੋਲੋਂ 48 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦਾ ਕੜਾ, ਇਕ ਸੋਨੇ ਦੀ ਮੁੰਦਰੀ, ਸੋਨੇ ਦੀ ਚੇਨ ਅਤੇ ਦੋ ਮੋਬਾਇਲ ਮਿਲੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੰਗਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Shyna

This news is Content Editor Shyna