ਕਾਲੇ ਕਾਨੂੰਨਾਂ ਖਿਲਾਫ਼ ਰਿਲਾਇੰਸ ਪੈਟਰੋਲ ਪੰਪ ’ਤੇ ਘਿਰਾਓ ਰੂਪੀ ਮੋਰਚਾ 91ਵੇਂ ਦਿਨ ’ਚ ਦਾਖ਼ਲ

12/31/2020 4:09:11 PM

ਬੁਢਲਾਡਾ  (ਬਾਸਲ): ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਲੱਖਾਂ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਗੱਡੇ ਹੋਏ ਹਨ ਅਤੇ ਸ਼ਹਿਰ ਵਿੱਚ ਸਥਿਤ ਰਿਲਾਇੰਸ ਪੈਟਰੋਲ ਪੰਪ ਤੇ ਘਿਰਾਓ ਰੂਪੀ ਸੰਘਰਸ਼ ਅੱਜ 91ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਕਿਸਾਨਾਂ ਦੇ ਇਕੱਠ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ , ਹਰਿੰਦਰ ਸਿੰਘ ਸੋਢੀ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਸੰਬੋਧਨ ਕੀਤਾ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਕਠਪੁੱਤਲੀ ਬਣਕੇ ਦੇਸ਼ ਨੂੰ ਮੁੜ ਗੁਲਾਮ ਬਣਾਉਣ ਵਾਲੇ ਕਦਮ ਚੁੱਕ ਰਹੀ ਹੈ। ਜਿਸ ਦੇ ਟਾਕਰੇ ਲਈ ਕਿਰਤੀਆਂ, ਕਿਸਾਨਾਂ ਦੀਆਂ ਆਵਾਮ ਪੱਖੀ ਤਾਕਤਾਂ ਚੁਣੌਤੀ ਕਬੂਲ ਕੇ ਸੰਘਰਸ਼ਾਂ ਦੇ ਮੈਦਾਨ ’ਚ ਡੱਟੀਆਂ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਜੀ.ਐਸ.ਟੀ., ਨੋਟਬੰਦੀ, ਖੇਤੀ ਦੇ ਕਾਲੇ ਕਾਨੂੰਨਾਂ ਬਾਰੇ ਸਮੇਤ ਅਨੇਕਾਂ ਫੈਸਲੇ ਦੇਸ਼ ਦੇ ਆਮ ਜਨਤਾ ਦੇ ਵਿਰੋਧੀ ਰਹੇ ਹਨ ਇਸਦੇ ਉਲਟ ਵੱਡੇ ਕਾਰਪੋਰੇਟ ਅਤੇ ਪੂੰਜੀਪਤੀ ਘਰਾਣਿਆਂ ਦੇ ਪੱਖੀ ਰਹੇ ਹਨ ਸਾਡੇ ਦੇਸ਼ ਵਿੱਚ ਮੋਦੀ ਦੇ ਕਾਰਜਕਾਲ ਦੌਰਾਨ ਸਰਮਾਏਦਾਰਾਂ ਦੀ ਪੂੰਜੀ ਵਿੱਚ ਬੇਸ਼ੁਮਾਰ ਇਜ਼ਾਫਾ ਹੋਇਆ ਹੈ ਅਤੇ ਆਮ ਜਨਤਾ ਦੀ ਹਾਲਤ ਕੱਖੋਂ ਹੌਲੀ ਹੋਈ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ’ਤੇ ਮੇਜਰ ਸਿੰਘ ਰੱਲੀ, ਗੁਰਦੇਵ ਸਿੰਘ ਗੁਰਨੇ ਕਲਾਂ, ਦਵਿੰਦਰ ਸਿੰਘ ਰੱਲੀ ਆਦਿ ਨੇ ਵੀ ਸੰਬੋਧਨ ਕੀਤਾ। 


Shyna

Content Editor

Related News