ਬੇਪ੍ਰਵਾਹ ਠੇਕੇਦਾਰਾਂ ਕਾਰਨ ਖਰੀਦ ਕੇਂਦਰਾਂ ''ਚ ਲੱਗੇ ਕਣਕ ਦੇ ਭਰੇ ਗੱਟਿਆਂ ਦੇ ਅੰਬਾਰ

04/18/2022 3:34:16 PM

ਤਪਾ ਮੰਡੀ (ਰਮੇਸ਼ ਗੋਇਲ ਮੇਸ਼ੀ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਣਕ ਦੀ ਫਸਲ ਦਾ ਦਾਣਾ-ਦਾਣਾ ਮੰਡੀਆਂ 'ਚੋਂ ਚੁੱਕਣ ਦੇ ਕੀਤੇ ਐਲਾਨ ਦੀ ਫੂਕ ਨਿਕਲਦੀ ਉਸ ਸਮੇਂ ਨਜ਼ਰ ਆਈ, ਜਦ ਸਥਾਨਕ ਖੇਤਰ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਟਰੱਕ, ਲੇਬਰ ਅਤੇ ਲਿਫਟਿੰਗ ਦੀ ਘਾਟ ਕਾਰਨ ਲੱਗੇ ਕਣਕ ਦੇ ਭਰੇ ਗੱਟਿਆਂ ਦੇ ਅੰਬਾਰਾਂ ਕਰਕੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਦਿਖਾਈ ਦਿੱਤੇ। ਜਦ ਇਸ ਸਬੰਧੀ ਪ੍ਰੈੱਸ ਨੇ ਤਪਾ ਖੇਤਰਾਂ ਦੇ ਖਰੀਦ ਕੇਂਦਰਾਂ ਜੈਮਲ ਸਿੰਘ ਵਾਲਾ, ਦਰਾਜ ਦਰਾਕਾ, ਖੁੱਡੀ ਖੁਰਦ, ਰੂੜੇਕੇ, ਤਾਜੋਕੇ, ਧੂਰਕੋਟ, ਕਾਹਨੇਕੇ ਆਦਿ ਮੰਡੀਆਂ ਦਾ ਦੌਰਾ ਕੀਤਾ ਤਾਂ ਉੱਥੇ ਖਰੀਦ ਕੇਂਦਰਾਂ 'ਚੋਂ ਕਣਕ ਨਾ ਚੁੱਕਣ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੁਹਾਈਆਂ ਪਾ ਰਹੀਆਂ ਸਨ।

ਇਹ ਵੀ ਪੜ੍ਹੋ : CM ਨੇ ਕਿਸਾਨਾਂ ਨੂੰ ਈਕੋ ਫ੍ਰੈਂਡਲੀ ਝੋਨੇ ਦੀ ਸਿੱਧੀ ਬਿਜਾਈ DSR ਤਕਨੀਕ ਅਪਣਾਉਣ ਦਾ ਦਿੱਤਾ ਸੱਦਾ

ਇੱਥੇ ਇਹ ਵੀ ਦੇਖਿਆ ਗਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਕਣਕ ਦੇ ਗੱਟਿਆਂ ਉੱਪਰ ਮੰਜੇ ਡਾਹ ਕੇ ਆਪਣੇ ਦਿਨ ਤੇ ਰਾਤਾਂ ਗੁਜ਼ਾਰ ਰਹੇ ਹਨ। ਜਦ ਇਸ ਸਬੰਧੀ ਕਿਸਾਨਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਵੱਲੋਂ ਬੇਸ਼ੱਕ ਕਣਕ ਤੋਲ ਕੇ ਗੱਟਿਆਂ 'ਚ ਭਰੀ ਗਈ ਹੈ ਪਰ ਇਸ ਦੀ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਸਮੇਤ ਮਜ਼ਦੂਰਾਂ ਵੱਲੋਂ ਰਾਖੀ ਕਰਨੀ ਪੈ ਰਹੀ ਹੈ। ਇੱਥੇ ਇਹ ਵੀ ਦੇਖਣ 'ਚ ਆਇਆ ਕਿ ਕਣਕ ਦੇ ਢੇਰ ਲੱਗੇ ਹੋਏ ਹਨ ਪਰ ਟਰੱਕਾਂ ਦੀ ਘਾਟ ਕਾਰਨ ਕਈ ਥਾਵਾਂ 'ਤੇ ਕਣਕ ਨੂੰ ਵੀ ਬੋਰੀਆਂ ਵਿਚ ਭਰਿਆ ਨਹੀਂ ਗਿਆ। ਆੜ੍ਹਤੀਆਂ ਨੇ ਵੀ ਦੱਸਿਆ ਕਿ ਲੇਬਰ ਅਤੇ ਟਰੱਕਾਂ ਦੀ ਘਾਟ ਹੈ, ਜਿਸ ਕਰਕੇ ਖਰੀਦ ਕੇਂਦਰਾਂ 'ਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਤੇ ਅੰਤਾਂ ਦੀ ਪੈ ਰਹੀ ਗਰਮੀ ਕਾਰਨ ਭਰੇ ਗੱਟਿਆਂ ਦੇ ਵਜ਼ਨ 'ਚ ਵੀ ਫਰਕ ਆ ਰਿਹਾ ਹੈ।

ਇਹ ਵੀ ਪੜ੍ਹੋ : ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ

ਉਨ੍ਹਾਂ ਅੱਗੇ ਕਿਹਾ ਕਿ ਲੇਬਰ ਅਤੇ ਟਰੱਕਾਂ ਦੇ ਠੇਕੇਦਾਰਾਂ ਵੱਲੋਂ ਸਰਕਾਰੀ ਮਾਪਦੰਡਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਰਕੇ ਜੋ ਕੰਮ ਕੁਝ ਘੰਟਿਆਂ ਜਾਂ 1-2 ਦਿਨਾਂ 'ਚ ਹੋਣਾ ਸੀ, ਉਨ੍ਹਾਂ ਨੂੰ ਕਈ-ਕਈ ਦਿਨ ਮੰਡੀਆਂ ਵਿਚ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਦ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੇਬਰ ਦੇ ਠੇਕੇਦਾਰ ਜੋ ਕਿ ਬਾਹਰਲੇ ਸ਼ਹਿਰਾਂ ਤੋਂ ਹਨ, ਮਨਮਰਜ਼ੀ ਕਰਦਿਆਂ ਬੇਪ੍ਰਵਾਹ ਹੋ ਕੇ ਕੰਮ ਕਰ ਰਹੇ ਹਨ। ਕੰਮ ਦੀ ਕੀੜੀ ਚਾਲ ਨੂੰ ਵੇਖਦਿਆਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਕੋਲ ਨਾ ਤਾਂ ਲੇਬਰ ਦਾ ਪ੍ਰਬੰਧ ਹੈ ਤੇ ਨਾ ਹੀ ਇਨ੍ਹਾਂ ਤੋਂ ਖਰੀਦ ਕੇਂਦਰਾਂ 'ਚ ਲਿਫਟਿੰਗ ਸਬੰਧੀ ਪੂਰੇ ਟਰੱਕ ਮਿਲ ਰਹੇ ਹਨ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ

ਉਨ੍ਹਾਂ ਅੱਗੇ ਕਿਹਾ ਕਿ ਜਦ ਸਬੰਧਿਤ ਠੇਕੇਦਾਰਾਂ ਨੂੰ ਫੋਨ 'ਤੇ ਲਿਫਟਿੰਗ ਦੀ ਘਾਟ ਬਾਰੇ ਦੱਸਿਆ ਤਾਂ ਉਨ੍ਹਾਂ ਇਸ ਮਹਿਕਮੇ ਦੀ ਗੱਲ ਨੂੰ ਵੀ ਅਣਗੌਲਿਆਂ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਪਰ ਉਸ ਦਾ ਜਵਾਬ ਵੀ ਨਹੀਂ ਦਿੱਤਾ। ਉਨ੍ਹਾਂ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਸ ਦੀ ਵੱਡੀ ਘਾਟ ਕਾਰਨ ਲਿਫਟਿੰਗ ਨਾ ਹੋਣ ਕਾਰਨ ਕਿਸਾਨ, ਆੜ੍ਹਤੀ ਤੇ ਏਜੰਸੀਆਂ ਦੇ ਨੁਮਾਇੰਦੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਠੇਕੇਦਾਰਾਂ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਚੁੱਕਣ ਦੀ ਜਹਿਮਤ ਨਹੀਂ ਉਠਾਈ।

ਇਹ ਵੀ ਪੜ੍ਹੋ : ਕਪੂਰਥਲਾ ਪੁਲਸ ਦੀ ਨਿਵੇਕਲੀ ਪਹਿਲ, ਨੇਤਰਹੀਣ ਤੇ ਰੇਪ ਪੀੜਤਾ ਲਈ ਲਿਆ ਸ਼ਲਾਘਾਯੋਗ ਫ਼ੈਸਲਾ

ਇਸ ਸਬੰਧੀ ਜਦ ਡੀ. ਐੱਫ. ਸੀ. ਬਰਨਾਲਾ ਮੈਡਮ ਮਿਨਾਕਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਖ਼ਰੀਦ ਕੇਂਦਰਾਂ ਵਿਚ 1-2 ਦਿਨਾਂ ਤੋਂ ਪ੍ਰੇਸ਼ਾਨੀ ਸੀ ਕਿਉਂਕਿ ਦੂਸਰੇ ਪਾਸੇ ਸਪੈਸ਼ਲਾਂ ਲੱਗਣ ਕਾਰਨ ਟਰੱਕਾਂ ਦੀ ਘਾਟ ਪਾਈ ਜਾ ਰਹੀ ਸੀ ਪਰ ਲਿਫਟਿੰਗ ਦਾ ਕੰਮ ਪੁਖਤਾ ਪ੍ਰਬੰਧ ਹੇਠ ਚੱਲ ਰਿਹਾ ਹੈ, ਜਲਦ ਹੀ ਖਰੀਦ ਕੇਂਦਰਾਂ 'ਚੋਂ ਕਣਕ ਦੀ ਪਈ ਫ਼ਸਲ ਦੀ ਲਿਫਟਿੰਗ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।


Anuradha

Content Editor

Related News