ਕੱਚੇ ਅਧਿਆਪਕਾਂ ਵੱਲੋਂ ਵਾਟਰ ਵਰਕਸ ਦੀ ਟੈਂਕੀ ''ਤੇ ਚੜ੍ਹ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

06/06/2022 11:49:54 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਕੱਚੇ ਅਧਿਆਪਕ ਯੂਨੀਅਨ ਪੰਜਾਬ (ਈ.ਜੀ.ਐੱਸ., ਏ.ਆਈ.ਈ., ਐੱਸ.ਟੀ.ਆਰ., ਏ.ਆਈ.ਵੀ., ਈ.ਪੀ.) ਦਾ ਸਾਂਝਾ ਧਰਨਾ ਸਿਵਲ ਹਸਪਤਾਲ ਸੰਗਰੂਰ ਵਿਖੇ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ। ਜਥੇਬੰਦੀ ਦੇ ਆਗੂ ਸਮਰਜੀਤ ਮਾਨਸਾ, ਬਲਕਾਰ ਪਟਿਆਲਾ ਤੇ ਜਸਵੀਰ ਕੌਰ ਬਠਿੰਡਾ ਨੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਉਹ ਟੈਂਕੀ 'ਤੇ ਹੀ ਆਪਣਾ ਸੰਘਰਸ਼ ਜਾਰੀ ਰੱਖਣਗੇ। ਸਿਮਰਜੀਤ ਮਾਨਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਵਿਖੇ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਹੋ ਜਾ ਰਹੀਆਂ ਹਨ, ਜੇਕਰ ਸਰਕਾਰ ਨੇ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ: ਇਕ ਹੋਰ ਮੁਲਜ਼ਮ ਦੇ ਘਰ ਪੁਲਸ ਨੇ ਮਾਰਿਆ ਛਾਪਾ

ਕਿਰਨ ਢਿੱਲੋਂ ਸੰਗਰੂਰ ਨੇ ਕਿਹਾ ਕਿ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕੱਚੇ ਅਧਿਆਪਕਾਂ ਦੀ ਤਨਖ਼ਾਹ 36 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇਗੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਤਨਖਾਹ ਵਿੱਚ ਵਾਧਾ ਅਤੇ ਸਾਰੇ ਹੀ ਅਧਿਆਪਕਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਸਕੂਲਾਂ ਵਿੱਚ ਰੈਗੂਲਰ ਕੀਤਾ ਜਾਵੇ। ਕਰਮਜੀਤ ਕੌਰ ਪਾਤੜਾਂ ਨੇ ਕਿਹਾ ਕਿ ਐੱਨ.ਟੀ.ਟੀ. ਪੋਸਟਾਂ 'ਤੇ ਐੱਨ.ਟੀ.ਟੀ. ਵਾਲੇ, ਈ.ਟੀ.ਟੀ. ਟੈੱਟ ਪਾਸ ਨੂੰ ਈ.ਟੀ.ਟੀ. ਪੋਸਟ, ਬੀ.ਐੱਡ ਟੈੱਟ ਪਾਸ ਨੂੰ ਮਾਸਟਰ ਕਾਡਰ ਦੀ ਪੋਸਟ 'ਤੇ ਰੈਗੂਲਰ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਲਿਸਟ

ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ 'ਚ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜੋ ਸਿੱਖਿਆ ਵਾਲੰਟੀਅਰ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਿਤ ਹਨ ਤੇ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫ਼ੇ ਦਿੱਤੇ ਸਨ, ਨੂੰ ਬਿਨਾਂ ਸ਼ਰਤ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਇਹ ਅਧਿਆਪਕ ਆਪਣੀਆਂ ਨੌਕਰੀਆਂ ਨਹੀਂ ਛੱਡਣਾ ਚਾਹੁੰਦੇ ਸਨ ਪਰ ਨਾਮਾਤਰ ਤਨਖਾਹਾਂ ਸਮੇਂ ਸਿਰ ਨਾ ਮਿਲਣ ਕਾਰਨ ਇਨ੍ਹਾਂ ਅਧਿਆਪਕਾਂ ਨੇ ਰੋਸ ਵਜੋਂ ਇਹ ਅਸਤੀਫ਼ੇ ਦਿੱਤੇ ਪਰ ਹੁਣ ਸਰਕਾਰ ਆਪਣਾ ਨਾਦਰਸ਼ਾਹੀ ਫਰਮਾਨ ਛੱਡ ਕੇ ਇਨ੍ਹਾਂ ਨੂੰ ਮੁੜ ਬਹਾਲ ਕਰੇ। ਜੋ ਸੰਘਰਸ਼ੀ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਦੇ ਵਾਰਿਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਮੌਕੇ ਕਿਰਨ ਸੰਗਰੂਰ, ਰਜਿੰਦਰ ਕੌਰ ਰੋਪੜ, ਕੁਲਦੀਪ ਕੌਰ ਫਤਿਹਗੜ੍ਹ ਸਾਹਿਬ, ਪਰਮਜੀਤ ਸੰਗਰੂਰ, ਹਰਵਿੰਦਰ ਦਿੜ੍ਹਬਾ, ਗੁਰਦੀਪ ਫਾਜ਼ਿਲਕਾ, ਪਰਮਜੀਤ ਫਾਜ਼ਿਲਕਾ, ਕਰਮਜੀਤ, ਮਨਿੰਦਰ ਸਿੰਘ ਪਾਤੜਾਂ ਆਦਿ ਵੱਡੀ ਗਿਣਤੀ 'ਚ ਆਗੂ ਹਾਜ਼ਰ ਸਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News