ਹਿਮਾਚਲ-ਪੰਜਾਬ ਸੜਕੀ ਰਸਤਾ ਕੱਟਣ ਦੀ ਚਰਚਾ ਨਾਲ 50 ਰੁ. ਪ੍ਰਤੀ ਕਿਲੋ ਵਿਕਣ ਵਾਲਾ ਸੇਬ ਪੁੱਜਾ 100 ਰੁ. ਤੋਂ ਪਾਰ

08/02/2022 2:11:56 PM

ਲੁਧਿਆਣਾ(ਖੁਰਾਣਾ) : ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਹਿਮਾਚਲ-ਪੰਜਾਬ ਸੜਕੀ ਰਸਤੇ ਦਾ ਸੰਪਰਕ ਕੱਟ ਹੋਣ ਕਾਰਨ ਲੁਧਿਆਣਾ ਦੀ ਹੋਲਸੇਲ ਫਰੂਟ ਮੰਡੀ ’ਚ 50 ਰੁ. ਕਿਲੋ ਵਿਕਣ ਵਾਲਾ ਸੇਬ 100 ਰੁ. ਦੇ ਅੰਕੜੇ ’ਤੇ ਪੁੱਜ ਗਿਆ। ਜਾਣਕਾਰੀ ਦਿੰਦੇ ਹੋਏ ਫਰੂਟ ਮੰਡੀ ਦੇ ਮੁੱਖ ਆੜ੍ਹਤੀ ਕੌਸ਼ਲ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ 50 ਰੁ. ਕਿਲੋ ਤੱਕ ਵਿਕਣ ਵਾਲਾ ਸੇਬ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੇ ਸੜਕੀ ਪੁਲ ਟੁੱਟਣ ਦੀ ਚਰਚਾ ਕਾਰਨ ਅਚਾਨਕ 2 ਗੁਣਾ ਜ਼ਿਆਦਾ ਰੇਟਾਂ ’ਤੇ ਵਿਕਣ ਲੱਗਾ।

ਇਹ ਵੀ ਪੜ੍ਹੋ- ਸਰਹੱਦ ਪਾਰ : ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਛੁੱਟੀ 'ਤੇ ਆਏ ਫੌਜੀ ਦਾ ਨੱਕ ਅਤੇ ਦੋਵੇਂ ਕੰਨ ਵੱਢੇ

ਉਨ੍ਹਾਂ ਦੱਸਿਆ ਕਿ ਦੇਖਦੇ ਹੀ ਦੇਖਦੇ ਜ਼ਿਆਦਾਤਰ ਆੜ੍ਹਤੀਆਂ ਦਾ ਮਾਲ ਹੱਥੋ-ਹੱਥੀ ਵਿਕ ਗਿਆ ਅਤੇ ਸਵੇਰੇ ਕਰੀਬ 11 ਵਜੇ ਹੀ ਜ਼ਿਆਦਾਤਰ ਆੜ੍ਹਤੀਆਂ ਕੋਲ ਸਾਰੇ ਸੇਬ ਵਿਕ ਗਏ ਕਿਉਂਕਿ ਉਕਤ ਚਰਚਾ ਤੋਂ ਬਾਅਦ ਪੰਜਾਬ ਭਰ ਦੀਆਂ ਮੰਡੀਆਂ ’ਚ ਹਿਮਾਚਲੀ ਸੇਬ ਦੀ ਕਿੱਲਤ ਆਉਣ ਦੀਆਂ ਚਰਚਾਵਾਂ ਫੈਲ ਗਈਆਂ, ਜਿਸ ਨੂੰ ਦੇਖਦੇ ਹੋਏ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੁਕਾਨਾਂ ਅਤੇ ਰੇਹੜੀਆਂ ਲਗਾਉਣ ਵਾਲੇ ਜ਼ਿਆਦਾਤਰ ਦੁਕਾਨਦਾਰਾਂ ਨੇ ਸਟੋਰ ਕਰਨ ਲਈ ਮੰਗ ਦੇ ਮੁਕਾਬਲੇ ਜ਼ਿਆਦਾ ਮਾਤਰਾ ’ਚ ਸੇਬ ਖ਼ਰੀਦ ਲਿਆ ਤਾਂ ਕਿ ਭਵਿੱਖ ਦੇ ਦਿਨਾਂ ਵਿਚ ਉਨ੍ਹਾਂ ਦੀ ਦੁਕਾਨਦਾਰੀ ’ਤੇ ਅਸਰ ਨਾ ਪੈ ਸਕੇ। ਨਾਲ ਹੀ ਸੇਬ ਦੇ ਕੁਝ ਹੋਰ ਵੱਡੇ ਕਾਰੋਬਾਰੀਆਂ ਨੇ ਕਿਹਾ ਕਿ ਬਰਸਾਤ ਕਾਰਨ ਹਿਮਾਚਲ-ਪੰਜਾਬ ਮੁੱਖ ਰਸਤੇ ’ਤੇ ਸੜਕ ਧੱਸਣ ਜਾਂ ਲੈਂਡਸਲਾਈਡ ਹੋਣ ਵਰਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਹਿਮਾਚਲ ਤੋਂ ਆਉਣ ਵਾਲੀਆਂ ਸੇਬ ਦੀਆਂ ਗੱਡੀਆਂ ਪਿੰਡ ਦੇ ਕੱਚੇ ਪੱਕੇ ਰਾਹਾਂ ਨੂੰ ਲੰਘਦਿਆਂ ਦੇਰ ਨਾਲ ਪੁੱਜ ਰਹੀਆਂ ਹਨ।

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਧੀ ਨਾਲ ਕਮਾਇਆ ਕਹਿਰ (ਵੀਡੀਓ)

ਦੂਜੇ ਪਾਸੇ ਬਰਸਾਤੀ ਸੀਜ਼ਨ ਹੋਣ ਕਾਰਨ ਲੁਧਿਆਣਾ ਦੇ ਆਸ-ਪਾਸ ਪੈਂਦੀਆਂ ਲੋਕਲ ਮੰਡੀਆਂ ਤੋਂ ਆਉਣ ਵਾਲੀਆਂ ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਮੂਧੇ ਮੂੰਹ ਜਾ ਡਿੱਗੀਆਂ ਹਨ, ਜਿਸ ਵਿਚ ਖਾਸ ਤੌਰ ’ਤੇ ਹਰੀਆਂ ਸਬਜ਼ੀਆਂ ਸ਼ਾਮਲ ਹਨ ਜੋ ਜੇਕਰ ਮੰਡੀ ਆਉਂਦੇ ਹੀ ਹੱਥੋ ਹੱਥ ਵਿਕ ਜਾਣ ਤਾਂ ਠੀਕ ਹੈ, ਨਹੀਂ ਤਾਂ ਬਾਅਦ ਦੁਪਹਿਰ ਇਹ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਲਿਹਾਜ਼ਾ ਆੜ੍ਹਤੀ ਤੇ ਕਿਸਾਨ ਭਾਈਚਾਰਾ ਆਪਣੀਆਂ ਸਬਜ਼ੀਆਂ ਕਿਸੇ ਵੀ ਕੀਮਤ ’ਤੇ ਵੇਚਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਹਨ। ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ, ਕੁਲਪ੍ਰੀਤ ਸਿੰਘ ਰੁੂਬਲ ਸੀਨੀਅਰ ਆੜ੍ਹਤੀ ਆਦਿ ਨੇ ਦੱਸਿਆ ਕਿ ਮੀਂਹ ਦਾ ਸੀਜ਼ਨ ਹੋਣ ਕਾਰਨ ਜ਼ਿਆਦਾਤਰ ਸਬਜ਼ੀਆਂ ਖੇਤਾਂ ’ਚ ਹੀ ਸੜ ਜਾਂਦੀਆਂ ਹਨ। ਲਿਹਾਜ਼ਾ ਕਿਸਾਨ ਪੂਰਾ ਨੁਕਸਾਨ ਸਹਿਣ ਦੀ ਜਗ੍ਹਾ ਆਪਣੀਆਂ ਫਸਲਾਂ ਘੱਟ ਕੀਮਤ ’ਤੇ ਵੇਚਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News