ਪੰਜਾਬ ਦਾ ਜੇਲ ਮੰਤਰੀ ਹੈ ਫੇਲ ਮੰਤਰੀ, ਰੰਧਾਵਾ ਨੂੰ ਤੁਰੰਤ ਦੇਣਾ ਚਾਹੀਦਾ ਹੈ ਅਸਤੀਫ਼ਾ: ਬੀਰ ਦਵਿੰਦਰ ਸਿੰਘ

06/27/2019 8:33:37 PM

ਕੁਰਾਲੀ (ਬਠਲਾ)-ਅਕਾਲੀ ਦਲ ਟਕਸਾਲੀ ਦੇ ਸੀਨਿਅਰ ਆਗੂ ਬੀਰ ਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਰਗੜੇ ਲੌਂਦਿਆਂ ਕਿਹਾ ਕਿ ਅੱਜ ਕੇਂਦਰੀ ਜੇਲ ਲੁਧਿਆਣਾ ਵਿਚ ਜੋ ਹਾਲਾਤ ਪੈਦਾ ਹੋਏ ਅਤੇ ਜੋ ਹੰਗਾਮਾ ਹੋਇਆ ਹੈ ਉਸ ਦੇ ਮੱਦੇਨਜ਼ਰ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੀਆਂ ਜੇਲਾਂ ਅੰਦਰ ਨਿੱਤ ਦਿਨ ਵਾਪਰ ਰਹੀਆਂ ਬਦਤਰ ਲਾਕਾਨੂੰਨੀ ਦੀਆਂ ਘਟਨਾਵਾ ਦੀ ਜ਼ਿੰਮੇਵਾਰੀ ਕਬੂਲਦਿਆਂ ਆਪਣੇ ਮੰਤਰੀ ਅਹੁੱਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਜਾਬ ਵਿਚ ਇਸ ਵੇਲੇ ਅਮਨ ਕਾਨਨੂੰ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਜੇ ਜੇਲਾਂ ਅੰਦਰ ਡੱਕੇ ਅਪਰਾਧੀ ਵੀ ਸਾਰਕਾਰ ਅਤੇ ਕਾਨੂੰਨ ਦੇ ਨਿਯੰਤਰਣ ਵਿਚ ਨਹੀਂ ਹਨ ਤਾਂ ਬਾਹਰ ਆਜ਼ਾਦ ਗੁੰਮ ਰਹੇ ਅਪਰਾਧੀਆਂ 'ਤੇ ਕਾਨੂੰਨ ਦਾ ਸਿਕੰਜਾ ਕਿਵੇ ਕਸਿਆ ਜਾ ਸਕਦਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਨਾਭਾ ਜੇਲ ਦੀ ਘਟਨਾ ਤੋਂ ਪਿੱਛੋਂ ਇੱਕ ਹਫ਼ਤੇ ਦੇ ਅੰਦਰ ਹੀ ਦੂਜੀ ਵੱਡੀ ਘਟਨਾ ਵਾਪਰ ਗਈ ਹੈ ਅਤੇ ਮੁੱਖ ਮੰਤਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੀਆਂ ਜੇਲਾਂ ਵਿਚ ਕੋਈ ਸੁਧਾਰ ਨਹੀਂ ਹੋ ਸਕਿਆ। ਪੰਜਾਬ ਦੀਆਂ ਮੁੱਖ ਜੇਲਾਂ ਦੀ ਸੁਰੱਖਿਆ ਸੀ. ਆਰ. ਪੀ. ਐੱਫ. ਦੇ ਹਵਾਲੇ ਕਰ ਦੇਣਾ ਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਢਹਿਢੇਰੀ ਹੋ ਗਈ ਹੈ। ਪੰਜਾਬ ਜੋ ਕਿ ਇਕ ਸਰਹੱਦੀ ਸੂਬਾ ਹੈ, ਉਸ ਦੀ ਅਮਨ-ਕਾਨਨੂੰ ਦੀ ਸਥਿਤੀ ਵਿਚ ਇਸ ਕਦਰ ਗਿਰਾਵਟ ਆ ਜਾਣਾ, ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ, ਉਨ੍ਹਾਂ ਦੀ ਸਮਰੱਥਾ ਅਤੇ ਕਾਬਲੀਅਤ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦਾ ਹੈ ਅਤੇ ਪੰਜਾਬ ਦੇ ਸਮੁੱਚੇ ਸਰਕਾਰੀ ਤੰਤਰ ਦੇ ਮੁਕੰਮਲ ਤੌਰ ਤੇ ਛਿਨਭੰਗ ਹੋ ਜਾਣ ਦੇ ਖਤਰੇ ਖੜ੍ਹੇ ਕਰ ਦਿੰਦਾ ਹੈ ਜਿਸ ਦਾ ਕੇਂਦਰ ਸਰਕਾਰ ਦੇ ਗਹ੍ਰਿ ਮੰਤਰਾਲੇ ਨੂੰ ਤੁਰੰਤ ਨੋਟਿਸ ਲੈ ਕੇ, ਪੰਜਾਬ ਦੇ ਰਾਜਪਾਲ ਪਾਸੋਂ ਅਮਨ ਕਾਨੂੰਨ ਦੀ ਅਵਸਥਾ ਦੀ ਰਿਪੋਰਟ ਤਲਬ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਉਸ ਰਿਪੋਰਟ ਦੀ ਦ੍ਰਿਸ਼ਟੀ ਵਿਚ ਵਿਸ਼ੇਸ਼ ਮੁਸ਼ਾਵਰਤ ਪੱਤਰ ਭੇਜਣਾ ਚਾਹੀਦਾ ਹੈ।


Karan Kumar

Content Editor

Related News