''ਰੈਲੀਆਂ ਦੌਰਾਨ ਨਿਯਮਾਂ ਦੀ ਉਲੰਘਣਾ ਹੋਣ ''ਤੇ ਨੇਤਾਵਾਂ ਦੇ ਵੀ ਕੱਟੇ ਜਾਣ ਚਲਾਨ''

01/20/2020 6:36:19 PM

ਮੋਹਾਲੀ,(ਨਿਆਮੀਆਂ)- ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚੋਂ ਦਰਜਨਾਂ ਹੋਰ ਮੈਂਬਰਾਂ ਨੇ ਈਮੇਲ ਰਾਹੀਂ ਸ਼ਿਕਾਇਤਾਂ ਭੇਜ ਕੇ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਤੇ ਆਈ. ਜੀ. ਟਰੈਫਿਕ ਕੋਲੋਂ ਮੰਗ ਕੀਤੀ ਹੈ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਚਲਾਨ ਅਤੇ ਇਸ ਲਈ ਉਕਸਾਉਣ ਵਾਲੇ ਨੇਤਾਵਾਂ/ਪ੍ਰਬੰਧਕਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਮੰਗ ਕੀਤੀ ਹੈ ਕਿ ਕੱਲ ਜੋ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਸਹੋਤਾ ਦੀ ਅਗਵਾਈ ਵਿਚ ਸੈਂਕੜੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਵਲੋਂ ਪਠਾਨਕੋਟ ਸ਼ਹਿਰ ਵਿਚ ਇਕ ਸਿਟੀਜਨ ਅਮੈਂਡਮੈਂਟ ਐਕਟ ਦੇ ਹੱਕ ਵਿਚ ਇਕ ਵੱਡੀ ਰੈਲੀ ਕੱਢੀ ਗਈ ਸੀ। ਉਸ ਰੈਲੀ ਦੌਰਾਨ ਵੱਖ-ਵੱਖ ਵਾਹਨਾਂ ਜਿਨ੍ਹਾਂ ਵਿਚ ਮੋਟਰ ਸਾਈਕਲ, ਸਕੂਟਰ ਸਵਾਰ ਨੇਤਾਵਾਂ, ਵਰਕਰਾਂ, ਕਿਸੇ ਵੀ ਚਾਲਕ ਤੇ ਪਿੱਛੇ ਬੈਠੀ ਸਵਾਰੀ ਨੇ ਕੋਈ ਹੈਲਮੇਟ ਨਹੀਂ ਪਾਇਆ ਹੋਇਆ ਸੀ। ਰੈਲੀ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਦੇ ਸਾਹਮਣੇ ਟ੍ਰੈਫਿਕ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ। ਜਿਸ ਦੀਆਂ ਤਸਵੀਰਾਂ ਵੱਖ-ਵੱਖ ਅਖਬਾਰਾਂ, ਟੀ. ਵੀ. ਚੈਨਲਾਂ ਅਤੇ ਸ਼ੋਸ਼ਲ ਮੀਡੀਆ ਵਿਚ ਆਮ ਦੇਖੀਆਂ ਜਾ ਸਕਦੀਆਂ ਹਨ। ਕਈ ਹੋਰ ਮੌਕਿਆਂ 'ਤੇ ਪੰਜਾਬ ਪੁਲਸ ਜੋ ਅਕਸਰ ਟਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ਼ ਕਾਰਵਾਈ ਅਤੇ ਮੋਟੇ ਚਲਾਨ ਕਰਦੀ ਰਹਿੰਦੀ ਹੈ ਪਰ ਇਸ ਰੈਲੀ ਵਿਚ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਮੂਕ ਦਰਸ਼ਕ ਬਣੀ ਰਹੀ ਅਤੇ ਪ੍ਰਸ਼ਾਸਨ ਵੀ ਪੁਲਸ ਨਾਲ ਮੋਨ ਖੜ੍ਹਾ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਟਰੈਫਿਕ ਨਿਯਮਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਅਤੇ ਸੈਂਕੜੇ ਦੁਪਹੀਆ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਹੈਲਮਟ ਨਾ ਪਾਉਣ ਕਾਰਨ ਮੌਕੇ 'ਤੇ ਹੀ ਤੇ ਬਹੁਤੇ ਸਿਰ ਦੀਆਂ ਗੰਭੀਰ ਸੱਟਾਂ ਲੱਗਣ ਕਾਰਨ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਕਰਦੇ ਰਹਿੰਦੇ ਹਨ ਪਰ ਅਕਸਰ ਅਜਿਹੇ ਜ਼ਿੰਮੇਵਾਰ ਰਾਜਸੀ ਨੇਤਾ ਖੁਦ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਰਾਜਸੀ ਸਰਪ੍ਰਸਤੀ ਦੇ ਕੇ ਲੋਕਾਂ ਨੂੰ ਗੁਮਰਾਹਕੂਨ ਤਰੀਕੇ ਨਾਲ ਨਿਯਮਾਂ ਦੀਆਂ ਧੱਜੀਆਂ ਉਡਾਉਣ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਹਾਦਸਾ ਹੋਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ। ਜਿਸ ਨਾਲ ਅਜਿਹੇ ਹਾਦਸਿਆਂ ਵਿਚ ਕਮੀ ਆਉਣ ਦੀ ਥਾਂ ਵਾਧਾ ਹੁੰਦਾ ਜਾ ਰਿਹਾ।

ਉਨ੍ਹਾਂ ਮੰਗ ਕੀਤੀ ਹੈ ਕਿ ਉਸ ਰੈਲੀ ਦੀਆਂ ਫੋਟੋਆਂ, ਖਬਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਸ ਵਿਚ ਧੱਜੀਆਂ ਉਡਾਉਣ ਵਾਲੇ ਵਾਹਨਾਂ ਅਤੇ ਚਾਲਕਾਂ ਦੀਆਂ ਫੋਟੋਆਂ ਅਤੇ ਨੰਬਰ ਸਾਫ ਨਜ਼ਰ ਆਉਂਦੇ ਹਨ, ਜਿਸ ਕਾਰਨ ਪੁਲਸ ਨੂੰ ਚਲਾਨ ਕਰਨ ਲਈ ਜ਼ਿਆਦਾ ਮੁਸ਼ੱਕਤ ਵੀ ਨਹੀਂ ਕਰਨੀ ਪਏਗੀ ਅਤੇ ਸਰਕਾਰ ਨੂੰ ਆਮਦਨ ਵੀ ਹੋਵੇਗੀ। ਇਸ ਮੌਕੇ ਡਾਕਟਰ ਅਬਦੁੱਲ ਮਜੀਦ ਨੇ ਕਿਹਾ ਕਿ ਉਪਰੋਕਤ ਨੇਤਾਵਾਂ ਅਤੇ ਵਰਕਰ ਆਪਣੀ ਗਲਤੀ ਮੰਨ ਕੇ ਇਸ ਲਈ ਮਾਫ਼ੀ ਮੰਗ ਕੇ ਅਤੇ ਚਲਾਨ ਕਰਵਾਉਣ ਲਈ ਖੁਦ ਸਾਹਮਣੇ ਆਉਣ ਤਾਂ ਕੇ ਲੋਕਾਂ ਵਿਚ ਉਨ੍ਹਾਂ ਦੀ ਕਾਨੂੰਨ ਨੂੰ ਮੰਨਣ ਦੀ ਭਰੋਸੇਯੋਗਤਾ ਦਾ ਸੁਨੇਹਾ ਵੀ ਜਾ ਸਕੇ। ਸੰਸਥਾ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕਾਰਵਾਈ ਕਰਵਾਉਣ ਲਈ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ।


Related News