ਰੱਖੜੀ ਦੇ ਨਾਲ ਭੈਣਾਂ ਭਰਾਵਾਂ ਲਈ ਖਰੀਦ ਰਹੀਆਂ ਹਨ ਪੱਗਾਂ

08/14/2019 1:11:18 PM

ਬੱਧਨੀ ਕਲਾਂ (ਮਨੋਜ)—ਰੱਖੜੀ ਦਾ ਦਿਨ ਨੇੜੇ ਆਉਂਦਿਆਂ ਹੀ ਪਿਛਲੇ ਕੁੱਝ ਦਿਨਾਂ ਤੋਂ ਭੈਣਾਂ ਵੱਲੋਂ ਆਪਣੇ ਭਰਾਵਾਂ ਲਈ ਰੱਖੜੀ ਦੇ ਨਾਲ ਪੱਗਾਂ ਵੀ ਖਰੀਦੀਆਂ ਜਾ ਰਹੀਆਂ ਹਨ। ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਪਈ ਸੀ ਕਿ ਭੈਣਾਂ ਰੱਖੜੀ ਦੇ ਨਾਲ ਆਪਣੇ ਭਰਾਵਾਂ ਲਈ ਪੱਗ ਵੀ ਲਿਜਾਣ। ਰੱਖੜੀ ਦਾ ਧਾਗਾ ਕੁੱਝ ਦਿਨਾਂ ਬਾਅਦ ਟੁੱਟ ਸਕਦਾ ਹੈ, ਜਦਕਿ ਪੱਗ ਦੀ ਮਿਆਦ ਜ਼ਿਆਦਾ ਹੋਣ ਕਰ ਕੇ ਜਦੋਂ ਵੀ ਭਰਾ ਪੱਗ ਬੰਨ੍ਹੇਗਾ ਤਾਂ ਭੈਣ ਦੀ ਯਾਦ ਆਵੇਗੀ। ਸੁਖਜੀਤ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ ਨੇ ਕਿਹਾ ਕਿ ਰੱਖੜੀ ਦਾ ਧਾਗਾ ਬੰਨ੍ਹ ਕੇ ਮੋਹ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ, ਉੱਥੇ ਪੱਗ ਬੰਨ੍ਹ ਕੇ ਭਰਾ ਸਿੱਖ ਵਿਰਸੇ ਨਾਲ ਵੀ ਜੁੜਨਗੇ ਅਤੇ ਪੱਗ ਦੀ ਨਿਸ਼ਾਨੀ ਆਪਣੀ ਭੈਣ ਦੀ ਯਾਦ ਤਾਜ਼ਾ ਕਰਦੀ ਰਹੇਗੀ।ਡਾ.ਪ੍ਰਭਜੋਤ ਕੌਰ ਗਿੱਲ ਨੇ ਕਿਹਾ ਕਿ ਅਜੋਕੇ ਸਮੇਂ 'ਚ ਭੈਣਾਂ ਭਰਾਵਾਂ ਤੋਂ ਆਪਣੀ ਰੱਖਿਆ ਦਾ ਵਾਅਦਾ ਲੈਣ ਦੀ ਬਜਾਏ ਇਹ ਵਾਅਦਾ ਵੀ ਲੈਣ ਕਿ ਉਹ ਨਸ਼ਿਆਂ ਨੂੰ ਹੱਥ ਨਹੀਂ ਲਾਵੇਗਾ ਅਤੇ ਆਪਣੇ ਮਾਪਿਆਂ ਦੀ ਸੇਵਾ ਕਰੇਗਾ। ਬੱਬੂ ਅੰਬਰਸਰੀਆ, ਪਰਦੀਪ ਇੰਸਾਂ, ਗੋਲਡੀ ਕੱਪੜੇ ਵਾਲਿਆਂ ਨੇ ਕਿਹਾ ਕਿ ਇਸ ਵਾਰ ਪੱਗਾਂ ਦੀ ਵਿਕਰੀ ਕਾਫ਼ੀ ਵਧੀ ਹੈ।


Shyna

Content Editor

Related News