ਰਾਜੋਆਣਾ ਦੀ ਰਿਹਾਈ ਕਿਸੇ ਵੀ ਕੀਮਤ ''ਤੇ ਨਹੀਂ ਹੋਣ ਦਿੱਤੀ ਜਾਵੇਗੀ: ਸਚਿਨ ਆਜ਼ਾਦ

10/20/2019 12:55:12 PM

ਪਟਿਆਲਾ (ਬਲਜਿੰਦਰ)—ਵੱਖ-ਵੱਖ ਹਿੰਦੂ ਸੰਗਠਨਾਂ ਦੀ ਮੀਟਿੰਗ ਪਾਤੜਾਂ ਮਹਾਵੀਰ ਧਰਮਸ਼ਾਲਾ ਵਿਖੇ ਪੰਜਾਬ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਹਿੰਦੂ ਨੇਤਾ ਸਚਿਨ ਆਜ਼ਾਦ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਖਾਤਰ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕਿਆ ਹੈ, ਜਿਸ ਦਾ ਖਮਿਆਜ਼ਾ ਹਜ਼ਾਰਾਂ ਬੇਕਸੂਰ ਹਿੰਦੂਆਂ ਅਤੇ ਵਪਾਰੀਆਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਕਈ ਅੱਤਵਾਦੀ ਵਿਦੇਸ਼ਾਂ ਵਿਚ ਜਾ ਕੇ ਲੁਕ ਗਏ, ਜਿਨ੍ਹਾਂ ਨੂੰ ਕਾਲੀ ਸੂਚੀ ਵਿਚ ਪਾਇਆ ਗਿਆ ਸੀ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਲੀ ਸੂਚੀ 'ਚੋਂ ਕੱਢਣ ਨਾਲ ਉਨ੍ਹਾਂ ਦੇ ਹੌਸਲੇ ਫਿਰ ਤੋਂ ਬੁਲੰਦ ਹੋ ਗਏ ਹਨ ਅਤੇ ਉਹ ਮੁੜ ਪੰਜਾਬ ਆ ਕੇ ਅਮਨ-ਸ਼ਾਂਤੀ ਵਾਲਾ ਮਾਹੌਲ ਖਰਾਬ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਰੋਜ਼ ਪੰਜਾਬ ਅੰਦਰ ਥਾਂ-ਥਾਂ 'ਤੇ ਅੱਤਵਾਦੀਆਂ ਦਾ ਫੜਿਆ ਜਾਣਾ ਅਤੇ ਹਥਿਆਰਾਂ ਦੇ ਜ਼ਖੀਰੇ ਬਰਾਮਦ ਹੋਣਾ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਕੇਂਦਰ ਨੇ ਕਾਲੀ ਸੂਚੀ ਖਤਮ ਕੀਤੀ। ਜੇਕਰ ਜੇਲਾਂ ਵਿਚ ਬੰਦ ਅੱਤਵਾਦੀਆਂ ਨੂੰ ਛੱਡਿਆ ਗਿਆ ਤਾਂ ਉਹ ਸੰਘਰਸ਼ ਕਰਨਗੇ। ਸਚਿਨ ਆਜ਼ਾਦ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਨਾਲ ਪੰਜਾਬ ਵਿਚ ਅੱਤਵਾਦੀਆਂ ਦੀ ਘੁਸਪੈਠ ਬੜੀ ਆਸਾਨ ਹੋ ਗਈ ਹੈ। ਉਨ੍ਹਾਂ ਪੰਜਾਬ ਪੁਲਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਸ ਨੇ ਕਈ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਨੂੰ ਤਬਾਹ ਹੋਣ ਤੋਂ ਬਚਾਇਆ ਹੈ। ਇਸ ਮੌਕੇ ਪ੍ਰਸ਼ੋਤਮ ਸਿੰਗਲਾ, ਨਵੀਨ ਗਰਗ, ਪ੍ਰਮੋਦ ਗੋਇਲ, ਕ੍ਰਿਸ਼ਨ ਸਿੰਘ, ਅਸ਼ੋਕ, ਰਮੇਸ਼ ਬਾਂਸਲ, ਦਿਨੇਸ਼ ਕੁਮਾਰ ਕਾਲਾ, ਸੱਤਿਆਵਾਨ, ਸਾਹਿਲ ਗੋਇਲ, ਹਰਵਿੰਦਰ ਸਿੰਘ, ਮਨੋਜ ਕੁਮਾਰ, ਗੌਰਵ ਜੈਨ, ਤਰਸੇਮ ਗਰਗ, ਸੁਭਾਸ਼ ਗੋਇਲ, ਸੰਦੀਪ ਗਰਗ, ਰਜਿੰਦਰ ਕੁਮਾਰ, ਰਾਜੀਵ ਕੁਮਾਰ, ਰਾਹੁਲ ਕੁਮਾਰ, ਵਿਜੈ ਕੁਮਾਰ, ਜੀਵਨ ਗੋਇਲ ਆਦਿ ਹਿੰਦੂ ਸੰਗਠਨਾਂ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Shyna

This news is Content Editor Shyna