ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਜੂਨੀਅਰ ਡਾਕਟਰਾਂ ਦੇ ਸਹਾਰੇ

01/29/2020 12:24:10 PM

ਪਟਿਆਲਾ (ਜੋਸਨ): ਪਟਿਆਲਾ ਜ਼ਿਲੇ ਦੇ ਸਭ ਤੋਂ ਵੱਡੇ ਤੇ ਨਾਮੀ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਜੂਨੀਅਰ ਡਾਕਟਰਾਂ ਦੇ ਸਹਾਰੇ ਚੱਲ ਰਹੀ ਹੈ। ਐਮਰਜੈਂਸੀ ਸਮੇਤ ਸਾਰੇ ਵਿਭਾਗਾਂ ਵਿਚ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਪਰ ਉਨ੍ਹਾਂ ਵੱਲੋਂ ਮਹਿਜ਼ ਰਾਊਂਡ ਲਾਉਣ ਤੋਂ ਬਾਅਦ ਸਾਰੇ ਮਰੀਜ਼ ਜੂਨੀਅਰ ਡਾਕਟਰਾਂ ਦੇ ਸਹਾਰੇ ਛੱਡ ਦਿੱਤੇ ਜਾਂਦੇ ਹਨ।

ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸਭ ਤੋਂ ਬੁਰਾ ਹਾਲ ਐਮਰਜੈਂਸੀ ਵਿਭਾਗ ਦਾ ਹੈ, ਜਿੱਥੇ ਜੂਨੀਅਰ ਡਾਕਟਰ ਹੀ ਮਰੀਜ਼ਾਂ ਦਾ ਇਲਾਜ ਕਰਦੇ ਹਨ। ਜੂਨੀਅਰ ਡਾਕਟਰਾਂ ਕੋਲ ਜ਼ਿਆਦਾ ਤਜਰਬਾ ਨਾ ਹੋਣ ਕਾਰਨ ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਦਾ ਨਾ ਤਾਂ ਠੀਕ ਤਰ੍ਹਾਂ ਇਲਾਜ ਹੀ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਠੀਕ ਤਰ੍ਹਾਂ ਪੇਸ਼ ਆਇਆ ਜਾਂਦਾ ਹੈ। ਸਭ ਤੋਂ ਜ਼ਿਆਦਾ ਗਲਤ ਭਾਸ਼ਾ ਐਮਰਜੈਂਸੀ ਵਿਚਲੇ ਜੂਨੀਅਰ ਡਾਕਟਰਾਂ ਵੱਲੋਂ ਵਰਤੀ ਜਾਂਦੀ ਹੈ, ਜਿਸ ਨਾਲ ਮਰੀਜ਼ ਨਾਲ ਆਏ ਮੈਂਬਰਾਂ ਨੂੰ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਗਾਇਨੀ ਵਿਭਾਗ ਵਿਚ ਨਰਸਾਂ ਅਤੇ ਜੂਨੀਅਰ ਡਾਕਟਰਾਂ ਵੱਲੋਂ ਗਰਭਵਤੀ ਔਰਤਾਂ ਨਾਲ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਮੌਕੇ 'ਤੇ ਮੌਜੂਦ ਕੁਝ ਔਰਤਾਂ ਦਾ ਕਹਿਣਾ ਸੀ ਕਿ ਉਹ ਵਿੱਤੀ ਤੌਰ 'ਤੇ ਕਾਫੀ ਕਮਜ਼ੋਰ ਹਨ। ਇਸ ਲਈ ਉਹ ਕਿਸੇ ਨਿੱਜੀ ਹਸਪਤਾਲ ਵਿਚ ਡਲਿਵਰੀ ਨਹੀਂ ਕਰਵਾ ਸਕਦੀਆਂ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਿਭਾਗ ਵਿਚ ਮੁਲਾਜ਼ਮਾਂ ਵੱਲੋਂ ਵਰਤੀ ਜਾਂਦੀ ਭੱਦੀ ਭਾਸ਼ਾ ਗਰਭਵਤੀ ਔਰਤਾਂ ਦੇ ਹਿਰਦੇ ਵਲੂੰਧਰਦੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਹੀ ਆਉਣਾ ਪੈਂਦਾ ਹੈ।
ਵੱਖ-ਵੱਖ ਵਾਰਡਾਂ ਵਿਚ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸੀਨੀਅਰ ਡਾਕਟਰ ਸਿਰਫ ਰਾਊਂਡ ਲਾਉਣ ਹੀ ਆਉਂਦੇ ਹਨ। ਇਸ ਤੋਂ ਇਲਾਵਾ 24 ਘੰਟੇ ਸਾਰੇ ਮਰੀਜ਼ ਲਗਭਗ ਜੂਨੀਅਰ ਡਾਕਟਰਾਂ ਦੇ ਸਹਾਰੇ ਚੱਲ ਰਹੇ ਹਨ। ਜੇਕਰ ਮਰੀਜ਼ ਦੇ ਕਿਸੇ ਰਿਸ਼ਤੇਦਾਰ ਨੂੰ ਜੂਨੀਅਰ ਡਾਕਟਰ ਕੋਲ 2 ਜਾਂ 3 ਵਾਰ ਮਰੀਜ਼ ਦੀ ਸਥਿਤੀ ਜਾਣਨ ਲਈ ਜਾਣਾ ਪਵੇ ਤਾਂ ਉਸ ਨੂੰ ਜੂਨੀਅਰ ਡਾਕਟਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਸਾਰੇ ਵਿਭਾਗਾਂ 'ਚ ਮੌਜੂਦ ਹਨ ਸੀਨੀਅਰ ਰੈਜ਼ੀਡੈਂਟ ਡਾਕਟਰ : ਪ੍ਰਿੰ. ਮੈਡੀਕਲ ਕਾਲਜ
ਪਟਿਆਲਾ, (ਜੋਸਨ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੇ ਵਿਭਾਗਾਂ ਵਿਚ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਹੈ। ਕਿਸੇ ਵੀ ਵਿਭਾਗ ਵਿਚ ਜੂਨੀਅਰ ਡਾਕਟਰ ਇਕੱਲੇ ਨਹੀਂ ਹਨ। ਮਰੀਜ਼ਾਂ ਦੀ ਦੇਖ-ਭਾਲ ਖੁਦ ਸੀਨੀਅਰ ਡਾਕਟਰਾਂ ਵੱਲੋਂ ਕੀਤੀ ਜਾਂਦੀ ਹੈ। ਐਮਰਜੈਂਸੀ ਸਮੇਤ ਸਾਰੇ ਵਿਭਾਗਾਂ ਵਿਚ ਸੀਨੀਅਰ ਡਾਕਟਰਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਸੀਨੀਅਰ ਡਾਕਟਰਾਂ ਵੱਲੋਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।


Shyna

Content Editor

Related News