ਰਾਜਾ ਵੜਿੰਗ ਦੀ ਸਖ਼ਤੀ ਤੋਂ ਬਾਅਦ ਕੁੰਭਕਰਨ ਦੀ ਨੀਂਦ ਸੁੱਤਾ ਟ੍ਰਾਂਸਪੋਰਟ ਵਿਭਾਗ ਆਇਆ ਹਰਕਤ ’ਚ

10/09/2021 11:38:49 AM

ਫਿਰੋਜ਼ਪੁਰ (ਕੁਮਾਰ, ਆਨੰਦ): ਪਿਛਲੇ ਕਰੀਬ ਸਾਢੇ 4 ਸਾਲਾਂ ਵਿਚ ਬਿਨਾਂ ਟੈਕਸ ਪੰਜਾਬ ਦੀਆਂ ਸੜਕਾਂ ’ਤੇ ਚੱਲ ਰਹੀਆਂ ਬੱਸਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕੀਤੀ ਗਈ ਸਖਤੀ ਦੇ ਬਾਅਦ ਕਰੀਬ ਸਾਢੇ 4 ਸਾਲਾਂ ਤੋਂ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਫਿਰੋਜ਼ਪੁਰ ਦਾ ਟਰਾਂਸਪੋਰਟ ਵਿਭਾਗ ਵੀ ਜਾਗ ਗਿਆ ਹੈ ਅਤੇ ਅੱਜ ਰੀਜਨਲ ਟਰਾਂਸਪੋਰਟ ਅਥਾਰਿਟੀ ਫਿਰੋਜ਼ਪੁਰ ਦੀ ਫਲਾਇੰਗ ਸਕੁਐਡ ਵੱਲੋਂ ਫਿਰੋਜ਼ਪੁਰ ਵਿਚ ਚੱਲ ਰਹੀਆਂ ਬੱਸਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਅਤੇ ਜਿਨ੍ਹਾਂ ਬੱਸਾਂ ’ਤੇ ਟੈਕਸ ਨਹੀਂ ਭਰੇ ਹੋਏ ਸਨ, ਉਹ ਬੱਸਾਂ ਥਾਣਿਆਂ ਵਿਚ ਬੰਦ ਕੀਤੀਆਂ ਗਈਆਂ।

ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਟਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਬਿਨਾਂ ਟੈਕਸ ਦੇ ਚੱਲਦੀਆਂ ਨਿਊ ਦੀਪ, ਜੁਝਾਰ ਅਤੇ ਰਾਜ ਆਦਿ ਟਰਾਂਸਪੋਰਟ ਕੰਪਨੀਆਂ ਦੀਆਂ 5 ਬੱਸਾਂ ਨੂੰ ਥਾਣਿਆਂ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫ਼ਿਰੋਜ਼ਪੁਰ ਰੀਜਨ ਵਿਚ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੀ ਚੈਕਿੰਗ ਭਵਿੱਖ ਵਿਚ ਵੀ ਜਾਰੀ ਰਹੇਗੀ।

ਸੰਪਰਕ ਕਰਨ ’ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਪੰਜਾਬ ਭਰ ਵਿਚ ਬਿਨਾਂ ਟੈਕਸ ਦੇ ਕੋਈ ਵੀ ਬੱਸ ਚੱਲਣ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਟਰਾਂਸਪੋਰਟ ਕੰਪਨੀਆਂ ਵੱਲ ਟੈਕਸ ਬਕਾਇਆ ਹੈ, ਉਹ ਤੁਰੰਤ ਆਪਣਾ ਟੈਕਸ ਜਮ੍ਹਾ ਕਰਵਾਉਣ ਤਾਂ ਹੀ ਉਨ੍ਹਾਂ ਦੀਆਂ ਬੱਸਾਂ ਚੱਲਣ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਚੈਕਿੰਗ ਵਿਚ ਢਿੱਲ ਦਿੱਤੀ ਜਾਂ ਬਿਨਾਂ ਟੈਕਸ ਜਮ੍ਹਾ ਕਰਵਾਏ ਬੱਸਾਂ ਚੱਲਣ ਦਿੱਤੀਆਂ, ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਬਹੁਤ ਵੱਡੇ ਪੱਧਰ ’ਤੇ ਪੰਜਾਬ ਵਿਚ ਟਰਾਂਸਪੋਰਟ ਮਾਫ਼ੀਆ ਵੱਲੋਂ ਟੈਕਸ ਦੀ ਚੋਰੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਉਹ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ, ਉਦੋਂ ਤਕ ਟਰਾਂਸਪੋਰਟ ਮਾਫੀਆ ਨੂੰ ਟੈਕਸ ਚੋਰੀ ਨਹੀਂ ਕਰਨ ਦਿੱਤਾ ਜਾਵੇਗਾ।


Shyna

Content Editor

Related News