ਉਦਯੋਗਪਤੀ ਤੇ ਬਿਲਡਰਜ਼ ਦੇ 60 ਸਥਾਨਾਂ ’ਤੇ ਆਮਦਨ ਵਿਭਾਗ ਦੀ ਛਾਪੇਮਾਰੀ

02/27/2020 12:20:57 AM

ਬਠਿੰਡਾ,(ਵਰਮਾ)- ਸ਼ਹਿਰ ਦੇ ਇਕ ਵੱਡੇ ਉਦਯੋਗਪਤੀ ਅਤੇ ਬਿਲਡਰਜ਼ ਦੇ 60 ਸਥਾਨਾਂ ’ਤੇ ਆਮਦਨ ਵਿਭਾਗ ਨੇ ਦਬਿੱਸ਼ ਦਿੱਤੀ ਅਤੇ ਕਈ ਦਸਤਾਵੇਜ਼ ਪ੍ਰਾਪਤ ਕੀਤੇ। ਜਾਣਕਾਰੀ ਅਨੁਸਾਰ ‘ਹੋਮਲੈਂਡ ਗਰੁੱਪ’ ਨਾਲ ਜੁਡ਼ੇ ਵੱਡੇ ਵਪਾਰੀ ਜਿਸ ਦਾ ਕਾਰੋਬਾਰ ਪੰਜਾਬ, ਹਰਿਆਣਾ, ਰਾਜਸਥਾਨ ਤੱਕ ਫੈਲਿਆ ਹੋਇਆ ਹੈ ਦੇ ਸਾਰੇ ਸਥਾਨਾਂ ’ਤੇ ਆਮਦਨ ਵਿਭਾਗ ਨੇ ਸਵੇਰੇ ਛਾਪੇਮਾਰੀ ਕਰ ਕੇ ਸਾਰੀਆਂ ਥਾਵਾਂ ਦੀ ਘੇਰਾਬੰਦੀ ਕੀਤੀ। ‘ਹੋਮਲੈਂਡ ਗਰੁੱਪ’ ਦਾ ਵੱਡਾ ਗਰੁੱਪ ਜਿਸ ਨੇ ਪ੍ਰਾਪਰਟੀ ’ਚ ਵੱਡੇ ਪੈਮਾਨੇ ’ਤੇ ਨਿਵੇਸ਼ ਕੀਤਾ ਹੋਇਆ ਹੈ ਅਤੇ ਕਈ ਤੇਲ ਅਤੇ ਸਪੀਨਿੰਗ ਮਿੱਲਾਂ ਵੀ ਹਨ ’ਤੇ ਆਮਦਨ ਵਿਭਾਗ ਦੀ ਪਿਛਲੇ ਲੰਬੇ ਸਮੇਂ ਤੋਂ ਨਜ਼ਰ ਸੀ। ਇਸ ਗਰੁੱਪ ਨੇ ਪ੍ਰਾਪਰਟੀ ’ਚ ਬੇਹਿਸਾਬਾ ਪੈਸਾ ਕਮਾਇਆ ਜਿਸ ਨਾਲ ਕਈ ਕਾਲੋਨੀਆਂ ਬਣਾਈਆਂ ਅਤੇ ਕਾਰੋਬਾਰ ਨੂੰ ਅੱਗੇ ਵਧਾਇਆ ਪਰ ਇਸ ਗਰੁੱਪ ਨੇ ਆਮਦਨ ਦੇ ਸਾਰੇ ਸ੍ਰੋਤਾਂ ਨਾਲ ਸਰਕਾਰ ਨੂੰ ਪੂਰਾ ਟੈਕਸ ਅਦਾ ਨਹੀਂ ਕੀਤਾ, ਜਿਸ ਕਰ ਕੇ ਆਮਦਨ ਵਿਭਾਗ ਨੇ ਹਿੱਸੇਦਾਰਾਂ ਅਤੇ ਪ੍ਰਬੰਧਕਾਂ ਨੂੰ ਵੀ ਘੇਰੇ ’ਚ ਲਿਆ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਜਿਥੇ ਛਾਪੇਮਾਰੀ ਕੀਤੀ ਉਥੇ ਵੀ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ ਅਤੇ ਫੈਕਟਰੀ, ਘਰਾਂ, ਦਫਤਰਾਂ ਦੇ ਫੋਨ ਬੰਦ ਕਰ ਦਿੱਤੇ। ਇਕ ਅਨੁਮਾਨ ਅਨੁਸਾਰ ਆਮਦਨ ਵਿਭਾਗ ਦੇ ਹੱਥ 2 ਹਜ਼ਾਰ ਕਰੋਡ਼ ਰੁਪਏ ਤੋਂ ਵੱਧ ਦੀ ਸੰਪਤੀ ਲੱਗ ਸਕਦੀ ਹੈ, ਜਿਸ ’ਤੇ ਟੈਕਸ ਅਦਾ ਨਹੀਂ ਕੀਤਾ ਗਿਆ। ਦੇਰ ਰਾਤ ਤੱਕ ਆਮਦਨ ਵਿਭਾਗ ਦਾ ਸਰਵੇ ਚਲਦਾ ਰਿਹਾ ਪਰ ਉਸ ਦੇ ਹੱਥ ਕੀ ਲੱਗਾ ਇਸ ਦਾ ਖੁਲਾਸਾ ਨਹੀਂ ਹੋਇਆ।

Bharat Thapa

This news is Content Editor Bharat Thapa