ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦਾ ਵਿਧਾਇਕ ਰਮਿੰਦਰ ਆਵਲਾ ਨੇ ਲਿਆ ਜਾਇਜ਼ਾ

03/14/2020 4:17:37 PM

ਜਲਾਲਾਬਾਦ (ਸੇਤੀਆ): ਬੀਤੇ ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ।ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਧਾਇਕ ਰਮਿੰਦਰ ਆਵਲਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਪੰਚ ਤੇ ਸਰਪੰਚ ਮੌਜੂਦ ਸਨ। ਪਿੰਡ ਝੋਟਿਆਂ ਵਾਲੀ, ਤੰਬੂਵਾਲਾ, ਬੁਰਜ ਹਨੂੰਮਾਨਗੜ੍ਹ, ਢਾਣੀ ਬੂਟਾ ਸਿੰਘ, ਕੁਹਾੜਿਆਂ ਵਾਲੀ, ਮੁਰਾਦਵਾਲਾ ਦੇ ਦੌਰਾ ਕਰਦੇ ਹੋਏ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਨੇ ਕਣਕ ਦੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਵਰਖਾ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਘਾਟਾ ਪੈਣਾ ਲਾਜਮੀ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਰਕਾਰ ਪਾਸੋਂ ਮੁਆਵਜਾ ਦਿੱਤਾ ਜਾਵੇ।

ਉਧਰ ਵਿਧਾਇਕ ਰਮਿੰਦਰ ਆਵਲਾ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਵਿਸ਼ਵਾਸ ਦਿੱਤਾ ਕਿ ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦੇ ਆਰਥਿਕ ਨੁਕਸਾਨ ਦੀ ਹਰ ਪੱਖੋਂ ਭਰਪਾਈ ਕਰਵਾਈ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦ ਰਿਪੋਰਟ ਤਿਆਰ ਕਰਕੇ ਡੀ.ਸੀ. ਦਫਤਰ ਨੂੰ ਭੇਜੀ ਜਾਵੇ ਤਾਂਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ।

Shyna

This news is Content Editor Shyna