ਮੋਗਾ 'ਚ ਮੀਹ ਨੇ ਲਾਈਆਂ ਲਹਿਰਾਂ-ਬਹਿਰਾਂ, ਨੀਵੇਂ ਇਲਾਕਿਆਂ 'ਚ ਭਰਿਆ ਪਾਣੀ

06/04/2020 2:24:32 PM

ਮੋਗਾ (ਗੋਪੀ ਰਾਊਕੇ, ਬਿੰਦਾ) : ਮਾਲਵਾ ਖਿੱਤੇ ’ਚ ਤਿੰਨ ਦਿਨਾਂ ਤੋਂ ਭਾਵੇਂ ਮੌਸਮ ਖੁਸ਼ਗਵਾਰ ਬਣਿਆ ਹੋਇਆ ਹੈ ਪਰ ਬੀਤੀ ਦੁਪਹਿਰ ਵੇਲੇ ਅਚਾਨਕ ਸ਼ੁਰੂ ਹੋਈ ਬਾਰਸ਼ ਨੇ ਚਾਰੇ ਪਾਸੇ ‘ਲਹਿਰਾਂ- ਬਹਿਰਾਂ’ ਲਾ ਦਿੱਤੀਆਂ। ਮੋਗਾ ਸ਼ਹਿਰ ਸਮੇਤ ਪਿੰਡਾਂ ’ਚ ਪਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਬਾਰਸ਼ ਦਾ ਪਾਣੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਉਨ੍ਹਾਂ ਕਿਸਾਨਾਂ ਲਈ ਨੁਕਸਾਨ ਦਾ ਸਬੱਬ ਬਣ ਸਕਦਾ ਹੈ, ਜਿਨ੍ਹਾਂ ਨੇ ਹਾਲੇ ਕੁੱਝ ਦਿਨ ਪਹਿਲਾ ਹੀ ਖ਼ੇਤਾਂ 'ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਫ਼ਸਲ ਹਾਲੇ ਪੂਰੀ ਤਰ੍ਹਾਂ ਨਾਲ ਪੁੰਗਰੀ ਵੀ ਨਹੀਂ ਹੈ। ਦੂਜੇ ਪਾਸੇ ਮੋਗਾ ਸ਼ਹਿਰ ਦੇ ਨੀਵੇ ਇਲਾਕਿਆਂ 'ਚ ਬਾਰਸ਼ ਦਾ ਪਾਣੀ ਭਰ ਗਿਆ ਹੈ, ਜਿਸ ਨਾਲ ਦੋਪਹੀਆਂ ਵਾਹਨਾਂ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਡਰੋਲੀ ਭਾਈ ਦੇ ਕਿਸਾਨ ਅੰਗਰੇਜ ਸਿੰਘ ਸੰਘਾ ਦਾ ਕਹਿਣਾ ਸੀ ਕਿ ਐਤਕੀਂ ਸਮੇਂ-ਸਮੇਂ ’ਤੇ ਪੈਂਦੀ ਬਾਰਸ਼ ਕਰ ਕੇ ਹਾਲੇ ਤੱਕ ਗਰਮੀ ਤੋਂ ਤਾਂ ਲੋਕਾਂ ਨੂੰ ਨਿਜ਼ਾਤ ਮਿਲੀ ਹੀ, ਸਗੋਂ ਵੱਖ-ਵੱਖ ਫਸਲਾਂ ਤੇ ਸਬਜ਼ੀਆਂ ਲਈ ਵੀ ਬਾਰਸ਼ ਦਾ ਪਾਣੀ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਮਗਰੋਂ 26 ਦਿਨਾਂ ਬਾਅਦ ਹੀ ਫਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਜਿਹੜੇ ਖ਼ੇਤਾਂ ’ਚ ਝੋਨੇ ਦੀ ਸਿੱਧੀ ਬਿਜਾਈ ਅੱਧ ਮਈ ਦੇ ਨੇੜ-ਤੇੜ ਕੀਤੀ ਹੈ, ਉਨ੍ਹਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਪਰ ਜਿਨ੍ਹਾਂ ਥਾਵਾਂ ’ਤੇ ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖ਼ਰੀ ਹਫ਼ਤੇ ਹੋਈ ਹੈ, ਉਨ੍ਹਾਂ ਥਾਵਾਂ ’ਤੇ ਫਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਕ ਹੋਰ ਕਿਸਾਨ ਅੰਮ੍ਰਿਤਪਾਲ ਸਿੰਘ ਗਿੱਲ ਦਾ ਕਹਿਣਾ ਸੀ ਕਿ ਕੱਦੂ ਕਰਕੇ ਝੋਨੇ ਲਾਉਣ ਦੀ ਵਿਉਤਬੰਧੀ ਕਰਨ ਵਾਲੇ ਕਿਸਾਨਾਂ ਲਈ ਵੀ ਬਾਰਸ਼ ਦਾ ਪਾਣੀ ਲਾਹੇਵੰਦ ਸਾਬਤ ਹੋਵੇਗਾ।
 


Babita

Content Editor

Related News