ਅਚਨਚੇਤ ਪਏ ਗੜ੍ਹੇ ਤੇ ਮੀਂਹ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ

04/24/2019 6:56:19 PM

ਮਾਛੀਵਾੜਾ ਸਾਹਿਬ (ਟੱਕਰ) - ਪਿਛਲੇ ਹਫ਼ਤੇ ਪਈ 2 ਦਿਨ ਬਾਰਿਸ਼ ਤੋਂ ਕਿਸਾਨ ਅਜੇ ਉਭਰੇ ਸਨ ਕਿ ਅੱਜ ਸ਼ਾਮ ਫਿਰ ਅਚਨਚੇਤ ਪਏ ਗੜ੍ਹਿਆਂ ਤੇ ਮੀਂਹ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਮਾਛੀਵਾੜਾ ਬਲਾਕ ਦੇ ਕਈ ਪਿੰਡਾਂ ਵਿਚ ਗੜ੍ਹੇਮਾਰੀ ਹੋਈ ਜਦਕਿ 20 ਮਿੰਟ ਪਏ ਲਗਾਤਾਰ ਮੀਂਹ ਨੇ ਮੰਡੀ ਵਿਚ ਵਿਕਣ ਆਈ ਫਸਲ ਵੀ ਜਲ-ਥਲ ਕਰ ਦਿੱਤੀ।

ਮਾਛੀਵਾੜਾ ਬਲਾਕ ਦੇ ਪਿੰਡ ਹੇੜੀਆਂ ਤੇ ਆਸ-ਪਾਸ ਤੇਜ਼ ਗੜ੍ਹੇ ਪਏ ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿਚ ਖੜੀ ਪੱਕ ਕੇ ਤਿਆਰ ਖੜੀ ਫਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜ੍ਹਿਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ ਵਿਚ ਕਣਕ ਦਾ ਝਾੜ ਘਟੇਗਾ। 2 ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ ਵਿਚ ਤੇਜ਼ੀ ਆਈ ਸੀ ਅਤੇ ਮੰਡੀਆਂ ਵਿਚ ਵੀ ਫਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ। 

ਦੂਸਰੇ ਪਾਸੇ ਜਦੋਂ ਮਾਛੀਵਾੜਾ ਅਨਾਜ ਮੰਡੀ ਦਾ ਪੱਤਰਕਾਰਾਂ ਵਲੋਂ ਦੌਰਾ ਕੀਤਾ ਤਾਂ ਉਥੇ ਦੇਖਿਆ ਕਿ ਮੀਂਹ ਕਾਰਨ ਕਿਸਾਨਾਂ ਦੀ ਵਿਕਣ ਆਈ ਫਸਲ ਪਾਣੀ ਵਿਚ ਤੈਰ ਰਹੀ ਸੀ ਅਤੇ ਕਈ ਥਾਵਾਂ 'ਤੇ ਭਰੀਆਂ ਬੋਰੀਆਂ ਵੀ ਪਾਣੀ ਵਿਚ ਡੁੱਬੀਆਂ ਦਿਖਾਈ ਦਿੱਤੀਆਂ। ਕਿਸਾਨ ਤੇ ਮਜ਼ਦੂਰ ਵਿਕਣ ਆਈ ਫਸਲ ਨੂੰ ਬਚਾਉਣ ਲਈ ਅਨਾਜ ਮੰਡੀ ਦਾ ਸੀਵਰੇਜ਼ ਜੋ ਕਿ 20 ਮਿੰਟ ਦੇ ਮੀਂਹ ਨਾਲ ਹੀ ਜਾਮ ਹੋ ਗਿਆ ਸੀ ਉਸ ਨੂੰ ਸਾਫ਼ ਕਰਨ ਵਿਚ ਲੱਗੇ ਰਹੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਵਿਕਣ ਲਈ ਆਈ ਹੋਰ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਕੀ ਕਹਿਣਾ ਹੈ ਸਕੱਤਰ ਦਾ

ਮਾਛੀਵਾੜਾ ਅਨਾਜ ਮੰਡੀ ਦੇ ਬੰਦ ਹੋਏ ਸੀਵਰੇਜ਼ ਬਾਰੇ ਜਦੋਂ ਮਾਰਕਿਟ ਕਮੇਟੀ ਸਕੱਤਰ ਕੁਲਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ਼ ਸਾਫ਼ ਕਰਵਾਇਆ ਗਿਆ ਸੀ ਪਰ ਅਚਨਚੇਤ ਆਏ ਮੀਂਹ ਨੇ ਇਹ ਸਮੱਸਿਆ ਖੜੀ ਕਰ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸੀਵਰੇਜ਼ ਦੀ ਸਮੱਸਿਆ ਆਈ ਹੈ ਤਾਂ ਉਸ ਨੂੰ ਤੁਰੰਤ ਠੀਕ ਕਰ ਦਿੱਤਾ ਜਾਵੇਗਾ। 

satpal klair

This news is Content Editor satpal klair