ਪੰਜਾਬ ਤੇ ਹਰਿਆਣਾ ''ਚ ਪਿਆ ਮੀਂਹ, ਮਿਲੀ ਗਰਮੀ ਤੋਂ ਰਾਹਤ

06/17/2019 12:10:53 AM

ਚੰਡੀਗੜ੍ਹ, (ਭਾਸ਼ਾ)— ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਮੀਂਹ ਪਿਆ ਤੇ ਕਿਤੇ-ਕਿਤੇ ਬੱਦਲ ਛਾਏ ਰਹੇ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਪੰਜਾਬ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਕੁਝ ਹੋਰ ਥਾਵਾਂ 'ਤੇ ਮੀਂਹ ਪਿਆ। ਚੰਡੀਗੜ੍ਹ ਸਮੇਤ ਕੁਝ ਖੇਤਰਾਂ ਵਿਚ ਬੱਦਲ ਛਾਏ ਹੋਏ ਹਨ। ਮੌਸਮ ਵਿਚ ਤਬਦੀਲੀ ਨਾਲ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਲਗਾਤਾਰ ਕਈ ਦਿਨ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਦਰਮਿਆਨ ਸੀ। ਉਥੇ ਹੀ ਹਰਿਆਣਾ ਦੇ ਸਿਰਸਾ, ਫਤਿਹਾਬਾਦ, ਮਹਿੰਦਰਗੜ੍ਹ ਅਤੇ ਕੁਝ ਹੋਰ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਮੌਸਮ ਵਿਭਾਗ ਦੇ ਅਗਾਊਂ ਅੰਦਾਜ਼ੇ ਅਨੁਸਾਰ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ 17 ਤੇ 18 ਜੂਨ ਦੇ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ। ਓਧਰ ਮਾਨਸੂਨ ਦੇ ਉੱਤਰ ਵੱਲ ਅੱਗੇ ਵਧਣ ਦੀ ਉਮੀਦ ਹੈ ਕਿਉੁਂਕਿ ਚੱਕਰਵਾਤ 'ਵਾਯੂ' ਦੀ ਤੀਬਰਤਾ ਘੱਟ ਹੋਣ ਕਾਰਨ ਅਰਬ ਸਾਗਰ ਵੱਲ ਵਧਣ ਲਈ ਮਾਨਸੂਨੀ ਹਵਾਵਾਂ ਦਾ ਰੁਖ਼ ਬਦਲ ਗਿਆ ਹੈ। ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਦਵਿੰਦਰ ਪ੍ਰਧਾਨ ਨੇ ਕਿਹਾ, ''ਚੱਕਰਵਾਤ 'ਵਾਯੂ' ਕਾਰਨ ਮਾਨਸੂਨ ਦੀ ਗਤੀ ਰੁਕ ਗਈ ਹੈ,' 'ਵਾਯੂ' ਦੀ ਤੀਬਰਤਾ ਘਟ ਹੋ ਗਈ ਹੈ ਅਤੇ ਅਸੀਂ ਅਗਲੇ 2-3 ਦਿਨਾਂ ਵਿਚ ਮਾਨਸੂਨ ਦੇ ਅੱਗੇ ਵਧਣ ਦੀ ਉਮੀਦ ਕਰਦੇ ਹਾਂ।'' ਦੇਸ਼ ਵਿਚ ਮਾਨਸੂਨ ਦੀ ਸੁਸਤ ਰਫਤਾਰ ਕਾਰਨ ਮੀਂਹ ਦੀ ਕੁਲ ਕਮੀ 43 ਫੀਸਦੀ ਤਕ ਪਹੁੰਚ ਗਈ ਹੈ।
 


KamalJeet Singh

Content Editor

Related News