ਬਾਰਸ਼ ਨੇ ਮੋਗਾ ਦੇ ਸਰਕਾਰੀ ਹਸਪਤਾਲ ਦੀ ਖੋਲੀ ਪੋਲ

07/16/2019 4:20:36 PM

ਮੋਗਾ (ਵਿਪਨ)—ਮੋਗਾ 'ਚ ਅੱਜ ਪਈ ਬਾਰਸ਼ ਨੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਓ.ਪੀ.ਡੀ. ਦੀ ਪੋਲ ਖੋਲ੍ਹ ਦਿੱਤੀ ਹੈ। ਬਾਰਸ਼ ਦੇ ਕਾਰਨ ਡਾਕਟਰਾਂ ਦੇ ਬੈਠਣ ਵਾਲੇ ਕਮਰਿਆਂ ਦੀ ਛੱਤ ਤੋਂ ਪਾਣੀ ਨਿਕਲ ਰਿਹਾ ਹੈ ਅਤੇ ਮਰੀਜ਼ਾਂ ਦੇ ਬੈਠਣ 'ਚ ਵੀ ਕਾਫੀ ਮੁਸ਼ਕਲ ਆ ਰਹੀ ਹੈ। ਉੱਥੇ ਅੱਜ 'ਜਗ ਬਾਣੀ' ਦੀ ਟੀਮ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਹਸਪਤਾਲ ਦੇ ਓ.ਪੀ.ਡੀ. ਦੇ ਕਈ ਕਮਰਿਆਂ ਦੀਆਂ ਛੱਤਾਂ ਤੋਂ ਪਾਣੀ ਡਿੱਗ ਰਿਹਾ ਸੀ, ਕਈ ਡਾਕਟਰਾਂ ਦੇ ਕਮਰੇ ਨੂੰ ਤਾਲੇ ਲੱਗੇ ਹੋਏ ਸਨ ਤਾਂ ਕਈ ਡਾਕਟਰ ਆਪਣੇ ਕਮਰਿਆਂ 'ਚ ਨਹੀਂ ਸਨ ਪਰ ਉਨ੍ਹਾਂ ਕਮਰਿਆਂ ਦੇ ਪੱਖੇ ਅਤੇ ਏ.ਸੀ. ਚੱਲ ਰਹੇ ਸਨ। ਗਾਇਨੀ ਵਾਰਡ ਦੀ ਗੱਲ ਕਰੀਏ ਤਾਂ ਉੱਥੇ ਵੀ ਡਾਕਟਰਾਂ ਦੇ ਕਮਰੇ 'ਚ ਤਾਲੇ ਲੱਗੇ ਹੋਏ ਸਨ ਅਤੇ ਮਰੀਜ਼ ਡਾਕਟਰਾਂ ਦਾ ਇੰਤਜ਼ਾਰ ਕਰ ਰਹੇ ਸਨ। 

ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਇੱਥੇ ਆਏ ਹੋਏ ਹਨ ਅਤੇ ਡਾਕਟਰ ਸਾਹਿਬ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਚਲੇ ਗਏ, ਉੱਥੇ ਬਾਰਸ਼ ਦੇ ਕਾਰਨ ਛੱਤਾਂ ਵੀ ਚੋਅ ਰਹੀਆਂ ਹਨ ਅਤੇ ਪਾਣੀ ਵੀ ਡਿੱਗ ਰਿਹਾ ਹੈ। ਇਸ ਲਈ ਇੱਥੇ ਬੈਠਣ 'ਚ ਕਾਫੀ ਮੁਸ਼ਕਲ ਹੋ ਰਹੀ ਹੈ। ਹਸਪਤਾਲ ਦੇ ਬਾਥਰੂਮ ਇੰਨੇ ਗੰਦੇ ਹਨ ਕਿ ਇੱਥੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਹੈ। ਉੱਥੇ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਮੰਗਲਾ ਨੇ ਦੱਸਿਆ ਕਿ ਸਾਡੇ ਵਿਭਾਗ 'ਚ ਬਹੁਤ ਬੁਰੀ ਹਾਲਤ ਹੈ, ਥਾਂ-ਥਾਂ 'ਤੇ ਬਾਥਰੂਮ ਦੀਆਂ ਪਾਈਪਾਂ ਲੀਕ ਹੋ ਰਹੀਆਂ ਹਨ। ਲੜਕੀਆਂ ਨੂੰ ਬਾਥਰੂਮ ਜਾਣ 'ਚ ਬੇਹੱਦ ਮੁਸ਼ਕਲ ਹੁੰਦੀ ਹੈ। ਕਈ ਵਾਰ ਐੱਸ.ਐੱਮ.ਓ. ਨੂੰ ਲਿਖ ਕੇ ਪੱਤਰ ਚੰਡੀਗੜ੍ਹ ਭੇਜੇ ਪਰ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਬਾਰੇ ਅਸੀਸਟੇਂਟ ਸੀ.ਐੱਮ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਬਿਲਡਿੰਗ ਦੀ ਮੁਰੰਮਤ ਦਾ ਠੇਕਾ ਹੋ ਚੁੱਕਾ ਹੈ ਇਸ ਨੂੰ ਜਲਦੀ ਹੀ ਠੀਕ ਕਰਵਾਇਆ ਜਾ ਰਿਹਾ ਹੈ।

Shyna

This news is Content Editor Shyna