ਜੈਸ਼-ਏ-ਮੁਹੰਮਦ ਵਲੋਂ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

04/16/2019 11:48:37 AM

ਫਿਰੋਜ਼ਪੁਰ,(ਕੁਮਾਰ): ਰੇਲਵੇ ਮੈਨੇਜ਼ਰ ਫਿਰੋਜ਼ਪੁਰ ਵਿਵੇਕ ਕੁਮਾਰ ਨੂੰ ਅੱਜ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਵਲੋਂ ਇਕ ਧਮਕੀ ਭਰਿਆ ਪੱਤਰ ਮਿਲਿਆ। ਜਿਸ 'ਚ ਇਹ ਧਮਕੀ ਦਿੱਤੀ ਗਈ ਕਿ ਅਸੀਂ ਆਪਣੇ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ਅਤੇ 13 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਤੇ ਜਲੰਧਰ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦੇਵਾਂਗੇ। ਪੱਤਰ ਲਿਖਣ ਵਾਲੇ ਨੇ ਆਪਣਾ ਨਾਮ ਨਹੀਂ ਲਿਖਿਆ ਪਰ ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ (ਸਿੰਧ) ਪਾਕਿਸਤਾਨ ਲਿਖਿਆ ਹੋਇਆ ਹੈ।

ਹਿੰਦੀ ਭਾਸ਼ਾ 'ਚ ਲਿਖੇ ਇਸ ਧਮਕੀ ਭਰੇ ਪੱਤਰ 'ਚ ਇਹ ਵੀ ਲਿਖਿਆ ਹੋਇਆ ਹੈ ਕਿ ਬਹੁਤ ਜਲਦ ਰਾਜਸਥਾਨ ਦੇ ਜੈਪੁਰ, ਰੇਵਾੜੀ, ਬੀਕਾਨੇਰ, ਜੋਧਪੁਰ, ਗੰਗਾ ਨਗਰ ਦੇ ਨਾਲ ਰਾਜਸਥਾਨ ਦੇ ਮਿਲਟਰੀ ਬੇਸ, ਬੱਸ ਅੱਡੇ, ਤੇ ਮੰਦਰਾਂ ਨੂੰ ਉਡਾ ਦਿੱਤਾ ਜਾਵੇਗਾ। ਪੱਤਰ 'ਚ 16 ਮਈ ਨੂੰ ਪੰਜਾਬ ਦੇ ਸਵਰਣ ਮੰਦਰ ਸਮੇਤ ਹੋਰ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਬੇਸ਼ੱਕ ਇਹ ਪੱਤਰ ਸ਼ਰਾਰਤ ਵੀ ਹੋ ਸਕਦਾ ਹੈ ਅਤੇ ਪਹਿਲਾਂ ਵੀ ਅਜਿਹੇ ਧਮਕੀ ਭਰੇ ਪੱਤਰ ਡੀ. ਆਰ. ਐਮ. ਦਫਤਰ ਫਿਰੋਜ਼ਪੁਰ ਨੂੰ ਕਈ ਵਾਰ ਮਿਲ ਚੁਕੇ ਹਨ ਪਰ ਫਿਰ ਵੀ ਸੁਰੱਖਿਆ ਏਜੰਸੀਆਂ ਵਲੋਂ ਇਯ ਪੱਤਰ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

 

Deepak Kumar

This news is Content Editor Deepak Kumar