ਰਾਹੁਲ ਨੇ ਪੰਜਾਬ ਫੇਰੀ ਦੌਰਾਨ ਕਿਸਾਨੀ ਕਰਜ਼ਾ ਮੁਆਫ਼ੀ ਦੇ ਗਲਤ ਅੰਕੜੇ ਕੀਤੇ ਪੇਸ਼ : ਜ਼ੀਰਾ

03/10/2019 1:44:06 AM

ਜ਼ੀਰਾ,(ਅਕਾਲੀਆਂ ਵਾਲਾ) : 10 ਸਾਲਾ ਅਕਾਲੀ-ਭਾਜਪਾ ਰਾਜ ਨੂੰ ਮੌਜੂਦਾ ਕਾਂਗਰਸ ਸਰਕਾਰ ਲਗਾਤਾਰ 2 ਸਾਲ ਭੰਡਦੀ ਰਹੀ ਅਤੇ ਹੁਣ ਚੋਣਾਂ ਵਿਚ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਲੇ ਪਾਸੇ ਤੁਰ ਪਈ ਹੈ ਪਰ ਪੰਜਾਬ ਦੀ ਜਨਤਾ ਸਮਝਦਾਰ ਹੈ ਅਤੇ ਉਹ ਹੁਣ ਇਸ ਦੀ ਸਜ਼ਾ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਦੇਵੇਗੀ। ਇਹ ਵਿਚਾਰ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੁਝ ਥਾਵਾਂ 'ਤੇ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਲੋਕਾਂ ਦੇ ਵਿਰੋਧ ਦੀ ਵੱਡੀ ਜਿੱਤ ਹੈ ਤੇ ਕਿਹਾ ਕਿ ਆਖਿਰ ਪੰਜਾਬ ਸਰਕਾਰ ਨੇ ਇਹ ਮੰਨ ਲਿਆ ਹੈ ਕਿ ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਇਕ ਗਲਤੀ ਸੀ। ਜ਼ੀਰਾ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕ ਸਭਾ ਚੋਣਾਂ ਵਿਚ ਆਪਣੇ ਹੀ ਵੱਲੋਂ ਲਾਰਿਆਂ ਅਤੇ ਝੂਠੇ ਵਾਅਦਿਆਂ ਦੇ ਬੁਣੇ ਜਾਲ ਵਿਚ ਫਸ ਜਾਵੇਗੀ। ਲੋਕ ਕਾਂਗਰਸ ਦੇ ਆਗੂਆਂ ਤੋਂ ਇਸ ਦਾ ਜਵਾਬ ਮੰਗਣਗੇ ਪਰ ਕਾਂਗਰਸੀ ਜਵਾਬ ਨਹੀਂ ਦੇ ਸਕਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪੰਜਾਬ ਫੇਰੀ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਫਰਜ਼ੀ ਅੰਕੜੇ ਪੇਸ਼ ਕੀਤੇ। ਇਸ ਦੌਰਾਨ ਸਰਕਲ ਪ੍ਰਧਾਨ ਕੁਲਦੀਪ ਸਿੰਘ ਵਿਰਕ, ਸੁਖਦੇਵ ਸਿੰਘ ਲੋਹਕਾਂ ਸਰਕਲ ਪ੍ਰਧਾਨ ਮੱਲਾਂਵਾਲਾ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ ਮੱਖੂ, ਗੁਰਮੀਤ ਸਿੰਘ ਬੂਹ ਕਾਰਜਕਾਰੀ ਮੈਂਬਰ ਸ਼੍ਰੋਮਣੀ ਕਮੇਟੀ, ਲਖਵਿੰਦਰ ਸਿੰਘ ਸੁੱਖੇਵਾਲਾ ਜਨਰਲ ਸਕੱਤਰ, ਸ਼ਮਿੰਦਰ ਖਿੰਡਾ ਪ੍ਰਧਾਨ ਬੀ. ਸੀ. ਵਿੰਗ ਮਾਲਵਾ ਜ਼ੋਨ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar