183 ਵਿਅਕਤੀਆਂ ਨੂੰ ਕੀਤਾ ਹੋਮ ਕੁਅਰੰਟਾਈਨ, 115 ਦੇ ਸੈਂਪਲ ਜਾਂਚ ਲਈ ਭੇਜੇ

05/19/2020 12:30:57 AM

ਲੁਧਿਆਣਾ, (ਸਹਿਗਲ)— ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੋਮਵਾਰ ਲੋਕਾਂ ਦੀ ਸਕ੍ਰੀਨਿੰਗ ਕਰ ਕੇ 183 ਵਿਅਕਤੀਆਂ ਨੂੰ ਹੋਮ ਕੁਅਰੰਟਾਈਨ 'ਚ ਭੇਜ ਦਿੱਤਾ ਗਿਆ, ਜਦੋਂਕਿ ਇਨ੍ਹਾਂ 'ਚੋਂ 115 ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਜਾਂਚ ਲਈ ਲੈਬ 'ਚ ਭੇਜੇ ਹਨ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤਕ ਕੁੱਲ 4966 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ 'ਚ 4540 ਵਿਅਕਤੀਆਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ, ਜਿਸ 'ਚੋਂ 4309 ਨੈਗੇਟਿਵ ਹਨ, ਜਦੋਂਕਿ 159 ਵਿਅਕਤੀ ਪੋਜ਼ੇਟਿਵ ਆਏ ਹਨ। ਇਸ ਤੋਂ ਇਲਾਵਾ 72 ਅਜਿਹੇ ਪੋਜ਼ੇਟਿਵ ਮਰੀਜ਼ ਵੀ ਸ਼ਾਮਲ ਹਨ, ਜੋ ਦੂਜਿਆਂ ਜ਼ਿਲ੍ਹਿਆਂ ਜਾਂ ਦੂਜੇ ਰਾਜਾਂ ਤੋਂ ਸ਼ਹਿਰ ਦੇ ਹਸਪਤਾਲਾਂ 'ਚ ਭਰਤੀ ਹੋਏ। ਉਨ੍ਹਾਂ ਦੱਸਿਆ ਕਿ ਹੁਣ ਤਕ 137 'ਚ ਵਿਅਕਤੀ ਠੀਕ ਹੋ ਕੇ ਹਸਪਤਾਲਾਂ ਤੋਂ ਡਿਸਚਾਰਜ ਹੋ ਚੁੱਕੇ ਹਨ। ਜ਼ਿਲ੍ਹੇ 'ਚ ਹੁਣ ਤਕ 12 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਇਨ੍ਹਾਂ 'ਚੋਂ 5 ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਸਨ। ਸਿਵਲ ਸਰਜਨ ਨੇ ਦੱਸਿਆ ਕਿ ਸੋਮਵਾਰ 31 ਵਿਅਕਤੀਆਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। 2550 ਵਿਅਕਤੀ ਅਜੇ ਹੋਮ ਕੁਅਰੰਟਾਈਨ 'ਚ ਹਨ।

ਕੋਵਿਡ ਸੈਂਟਰਾਂ 'ਚ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀ ਕਮੀ
ਸਿਹਤ ਨਿਦੇਸ਼ਕ ਨੇ ਪੱਤਰ ਲਿਖ ਕੇ ਰਾਜ ਤੋਂ ਬਾਅਦ ਸਾਰੇ ਸਿਵਲ ਸਰਜਨਾਂ, ਸਰਕਾਰੀ ਹਸਪਤਾਲਾਂ ਦੇ ਮੁਖੀਆਂ ਤੋਂ ਏ. ਐੱਨ. ਐੱਮ., ਐੱਲ. ਐੱਚ. ਬੀ. ਅਤੇ ਟ੍ਰੇਂਡ ਦਾਈਆਂ ਦੀ ਡਿਟੇਲ ਤਲਬ ਕੀਤੀ ਹੈ। ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਜ਼ਿਲ੍ਹਿਆਂ 'ਚ ਕਰਵਾਏ ਗਏ ਸਰਵੇ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਕੋਵਿਡ-19 ਹਸਪਤਾਲਾਂ 'ਚ ਮੈਡੀਕਲ ਅਤੇ ਨਰਸਿੰਗ ਸਟਾਫ ਅਤੇ ਵਾਰਡ ਬੁਆਏ ਦੀ ਕਾਫੀ ਸ਼ਾਰਟੇਜ ਹੈ। ਅਜਿਹੇ 'ਚ ਸਾਰੇ ਜ਼ਿਲ੍ਹਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਜ਼ਿਲ੍ਹਿਆਂ 'ਚ ਏ. ਐੱਨ. ਐੱਮ., ਐੱਲ. ਐੱਚ. ਬੀ. ਅਤੇ ਟ੍ਰੇਂਡ ਦਾਈਆਂ ਦੀਆਂ ਵਕੈਂਸੀ ਪੋਜ਼ੀਸ਼ਨ ਉਨ੍ਹਾਂ ਨੂੰ ਭੇਜਣ। ਇਹ ਵੀ ਚਰਚਾ ਹੈ ਕਿ ਸਿਹਤ ਵਿਭਾਗ ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਆਦਿ ਨੂੰ ਵਿਭਾਗ 'ਚ ਪੱਕੀ ਨੌਕਰੀ ਦਿੱਤੀ ਜਾ ਸਕਦੀ ਹੈ ਕਿਉਂਕਿ ਜਗ੍ਹਾ-ਜਗ੍ਹਾ ਬਣਾਏ ਆਈਸੋਲੇਸ਼ਨ ਸੈਂਟਰਾਂ 'ਚ ਸਟਾਫ ਦੀ ਕਮੀ ਸਿਹਤ ਵਿਭਾਗ ਦੇ ਹਸਪਤਾਲਾਂ ਤੋਂ ਪੂਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ੍ਹਾਂ ਹਸਪਤਾਲਾਂ 'ਚ ਸਟਾਫ ਅਤੇ ਡਾਕਟਰਾਂ ਦੀ ਪਹਿਲਾਂ ਹੀ ਕਾਫੀ ਕਮੀ ਹੈ।

ਸਿਵਲ ਹਸਪਤਾਲ 'ਚ ਸਟਾਫ ਲਈ ਨਾ ਫੇਸ ਸ਼ੀਲਡ, ਨਾ ਹੈੱਡ ਕੈਪ, ਨਾ ਸ਼ੂਜ਼ ਕਵਰ
ਕੋਰੋਨਾ ਵਾਇਰਸ ਦੀ ਮਹਾਂਮਾਰੀ 'ਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਹੈ, ਜਿਸ ਨੇ ਕਾਫੀ ਵਧ-ਚੜ੍ਹ ਕੇ ਕੰਮ ਕੀਤਾ ਹੈ ਪਰ ਹੁਣ ਸਮੱਗਰੀ ਦੀ ਚੱਲ ਰਹੀ ਭਾਰੀ ਕਿੱਲਤ ਕਾਰਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਆਪਣਾ ਬਚਾਅ ਕਰਨਾ ਮੁਸ਼ਕਲ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਨਾ ਫੇਸ ਸ਼ੀਅਡ ਹੈ, ਨਾ ਹੈੱਡ ਕੈਪ ਹੈ ਨਾ ਸ਼ਿਵ ਕਵਰ ਹੈ, ਜਿਸ ਨੂੰ ਸਟਾਫ ਵੱਲੋਂ ਪਹਿਨਿਆ ਜਾਂਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਕੋਰੋਨਾ ਦਾ ਖਤਰਾ ਪਹਿਲਾਂ ਨਾਲੋਂ ਵਧ ਗਿਆ ਹੈ। ਸਿਵਲ ਹਸਪਤਾਲ ਈ. ਐੱਸ. ਐੱਮ. ਵੱਲੋਂ ਸਿਵਲ ਸਰਜਨ ਨੂੰ ਲਿਖੇ ਪੱਤਰ 'ਚ ਉਕਤ ਗੱਲਾਂ ਦਾ ਹਵਾਲਾ ਦੇਣ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ 'ਚ ਐੱਨ-95 ਮਾਸਕ ਦੀ ਕਾਫੀ ਸ਼ਾਰਟੇਜ ਹੈ। ਇਸ ਤੋਂ ਇਲਾਵਾ ਪੀ. ਪੀ. ਈ. ਕਿੱਟਾਂ ਸੀਮਤ ਮਾਤਰਾ 'ਚ ਬਚੀਆਂ ਹਨ, ਵੀ. ਟੀ. ਐੱਮ. ਬਾਟਲਸ, ਅਲਕੋਹਲ ਬੇਸਡ ਸੈਨੇਟਾਈਜ਼ਰ, ਥਰਮਾਮੀਟਰ ਦੀ ਕਮੀ ਹੈ। ਇਸ ਲਈ ਉਨ੍ਹਾਂ ਨੂੰ ਫੌਰਨ 500 ਵੀ. ਟੀ. ਐੱਮ. ਬਾਟਲਸ, 100 ਲੀਟਰ ਸੈਨੇਟਾਈਜ਼ਰ, 50 ਥਰਮਾਮੀਟਰ, 5 ਹਜ਼ਾਰ ਸ਼ੂ ਕਵਰ, 5 ਹਜ਼ਾਰ ਹੈੱਡ ਕੈਪਸ ਅਤੇ 500 ਫੇਸ ਸ਼ੀਲਡ ਮੁਹੱਈਆ ਕਰਵਾਏ ਜਾਣ।


KamalJeet Singh

Content Editor

Related News