ਗੰਭੀਰ ਵਿੱਤੀ ਸੰਕਟ 'ਚ ਪੰਜਾਬੀ ਯੂਨੀਵਰਸਿਟੀ, ਤਨਖਾਹਾਂ ਦੇਣ ਲਈ ਵੀ ਨਹੀਂ ਹਨ ਪੈਸੇ

03/24/2022 9:46:21 PM

ਪਟਿਆਲਾ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ਇਸ ਸਮੇਂ ਬੇਹੱਦ ਬੁਰੇ ਦੌਰ 'ਚੋਂ ਲੰਘਣ ਕਾਰਨ ਗੰਭੀਰ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ ਹੈ। ਯੂਨੀਵਰਸਿਟੀ ਵੱਲੋਂ ਸਾਲ 2022-23 ਦੇ ਬਜਟ 'ਚ ਸਾਲਾਨਾ ਘਾਟਾ 207 ਕਰੋੜ 54 ਲੱਖ 14 ਹਜ਼ਾਰ 250 ਰੁਪਏ ਦਿਖਾਇਆ ਗਿਆ ਹੈ। ਇਸ ਤੋਂ ਬਿਨਾਂ ਚਾਲੂ ਸਾਲ 2021-22 ਦਾ ਬਜਟ ਦਾ ਘਾਟਾ 168 ਕਰੋੜ 24 ਲੱਖ 49 ਹਜ਼ਾਰ 924 ਰੁਪਏ ਹੈ, ਜਦੋਂ ਕਿ 150 ਕਰੋੜ ਪਹਿਲਾਂ ਹੀ ਯੂਨੀਵਰਸਿਟੀ ਨੇ ਸਿੱਧਾ ਕਰਜ਼ਾ ਬੈਂਕ ਤੋਂ ਲਿਆ ਹੋਇਆ ਹੈ। ਇਸ ਤਰ੍ਹਾਂ ਇਹ ਕੁਲ ਘਾਟਾ 525 ਕਰੋੜ ਰੁਪਏ ਦੇ ਲਗਭਗ ਬਣ ਜਾਵੇਗਾ, ਜੋ ਕਿ ਸਾਲ 2022-23 ਦੇ ਟੋਟਲ ਬਜਟ ਤੋਂ ਵੀ ਵੱਡਾ ਹੋਵੇਗਾ।

ਇਹ ਵੀ ਪੜ੍ਹੋ : ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨਾਲ ਵਾਪਰਿਆ ਭਾਣਾ

ਪੰਜਾਬੀ ਯੂਨੀਵਰਸਿਟੀ ਪਿਛਲੇ ਇਕ ਦਹਾਕੇ ਤੋਂ ਬੁਰੀ ਤਰ੍ਹਾਂ ਵਿੱਤੀ ਸੰਕਟ 'ਚ ਘਿਰੀ ਹੋਈ ਹੈ। ਅਕਾਲੀ ਸਰਕਾਰ ਸਮੇਂ ਰਹੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਆਪਣੇ ਡਿਪਲੋਮੇਟ ਤਰੀਕੇ ਰਾਹੀਂ ਸਰਕਾਰ ਤੋਂ ਪੈਸੇ ਲੈ ਕੇ ਕੰਮ ਚਲਾਉਂਦੇ ਰਹੇ। ਉਨ੍ਹਾਂ ਤਕਰੀਬਨ ਆਪਣੇ 8 ਤੋਂ 9 ਸਾਲ ਦੇ ਕਾਰਜਕਾਲ 'ਚ ਕੋਈ ਤਨਖਾਹ ਰੁਕਣ ਨਹੀਂ ਦਿੱਤੀ। ਕਾਂਗਰਸ ਸਰਕਾਰ ਨੇ ਡਾ. ਬੀ. ਐੱਸ. ਘੁੰਮਣ ਨੂੰ ਚਾਂਸਲਰ ਨਿਯੁਕਤ ਕੀਤਾ ਸੀ। ਡਾ. ਘੁੰਮਣ ਵੀ ਸਾਢੇ 3 ਸਾਲ ਦੇ ਕਰੀਬ ਵੀ. ਸੀ. ਰਹੇ। ਉਨ੍ਹਾਂ ਨੇ ਵੀ ਯੂਨੀਵਰਸਿਟੀ ਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਜੁਗਾੜ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ। ਦੂਜੀ 3 ਸਾਲ ਦੀ ਐਕਸਟੈਂਸ਼ਨ ਮਿਲਣ 'ਤੇ ਉਹ 6 ਮਹੀਨੇ ਬਾਅਦ ਹੀ ਅਸਤੀਫਾ ਦੇ ਗਏ ਕਿਉਂਕਿ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਨੀਵਰਸਿਟੀ ਦੀ ਬਾਂਹ ਫੜਨ ਤੋਂ ਨਾਂਹ ਕਰ ਦਿੱਤੀ ਸੀ। ਕਾਂਗਰਸ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਡਾ. ਅਰਵਿੰਦ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ, ਜੋ ਯੂਨੀਵਰਸਿਟੀ ਨੂੰ ਧੱਕਾ ਦੇ ਕੇ ਹੀ ਚਲਾ ਰਹੇ ਹਨ।

ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਪੰਜਾਬ ਦੀਆਂ ਮਾੜੀਆਂ ਸੜਕਾਂ ਅਤੇ ਫਲਾਈਓਵਰਾਂ ਦਾ ਮੁੱਦਾ

ਹੁਣ 29 ਮਾਰਚ ਨੂੰ ਸਾਲ 2022-23 ਲਈ ਆਪਣਾ ਬਜਟ ਪੇਸ਼ ਕਰਨ ਜਾ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਪੂਰੇ ਸਾਲ 'ਚ ਸਾਰੇ ਸਰੋਤਾਂ ਤੋਂ 32124066660 ਰੁਪਏ ਪ੍ਰਾਪਤ ਹੋਣ ਦੀ ਉਮੀਦ ਹੈ, ਜਦੋਂਕਿ ਯੂਨੀਵਰਸਿਟੀ ਦੇ ਸਾਰੇ ਖਰਚੇ 5287820910 ਰੁਪਏ ਹੋਣਗੇ। ਇਸ ਤਰ੍ਹਾਂ ਯੂਨੀਵਰਸਿਟੀ ਨੂੰ ਆਉਣ ਵਾਲੇ ਸਾਲ 'ਚ 2075414250 ਰੁਪਏ ਘਾਟਾ ਪਵੇਗਾ।

...ਨਹੀਂ ਤਾਂ ਯੂਨੀਵਰਸਿਟੀ ਵਿਕਣ ਤੱਕ ਦੀ ਆ ਜਾਵੇਗੀ ਨੌਬਤ
ਪੰਜਾਬੀ ਯੂਨੀਵਰਸਿਟੀ ਨੇ ਓਵਰ ਡਰਾਫਟਿੰਗ ਰਾਹੀਂ ਲਿਆ ਕਰਜ਼ਾ 150 ਕਰੋੜ ਤੋਂ ਵਧਾ ਲਿਆ ਹੈ। ਇਸ ਕਰਜ਼ੇ 'ਤੇ ਅੰਦਾਜ਼ਨ 2 ਕਰੋੜ ਰੁਪਏ ਤੋਂ ਵੱਧ ਮਹੀਨਾ ਵਿਆਜ ਪੈ ਰਿਹਾ ਹੈ ਪਰ ਯੂਨੀਵਰਸਿਟੀ ਕੋਲ ਤਾਂ ਤਨਖਾਹਾਂ ਦੇਣ ਨੂੰ ਵੀ ਪੈਸੇ ਨਹੀਂ ਹਨ। ਇਸ ਤਰ੍ਹਾਂ ਯੂਨੀਵਰਸਿਟੀ ਦੀ ਮੰਥਲੀ ਗ੍ਰਾਂਟ ਸਾਢੇ 9 ਕਰੋੜ ਤੋਂ 20 ਕਰੋੜ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਹ ਵੀ ਨਹੀਂ ਵਧੀ, ਜਿਸ ਕਾਰਨ ਪੁਜ਼ੀਸ਼ਨ ਇਹ ਬਣ ਗਈ ਕਿ ਅੱਜ ਤਨਖਾਹਾਂ ਦੇਣ ਦੇ ਵੀ ਲਾਲੇ ਪੈ ਗਏ ਹਨ। ਪੰਜਾਬੀ ਯੂਨੀਵਰਸਿਟੀ ਵਿਖੇ ਹਰ ਮਹੀਨੇ ਮੁਲਾਜ਼ਮਾਂ ਦੀ ਤਨਖਾਹ 30 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਹੁਣ 29 ਮਾਰਚ ਨੂੰ ਹੋ ਰਹੀ ਯੂਨੀਵਰਸਿਟੀ ਦੀ ਸਿੰਡੀਕੇਟ 'ਚ ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਪੇ-ਕਮਿਸ਼ਨ ਲਿਆਉਣਾ ਯੂਨੀਵਰਸਿਟੀ ਦੀ ਮਜਬੂਰੀ ਹੈ, ਜਿਸ ਨਾਲ 30 ਕਰੋੜ ਰੁਪਏ ਦੇ ਲਗਭਗ 35 ਕਰੋੜ ਰੁਪਏ ਪੁੱਜਣ ਦੀ ਆਸ ਹੈ। ਯੂਨੀਵਰਸਿਟੀ ਨੂੰ ਤਨਖਾਹਾਂ ਦੇਣ ਦੇ ਲਾਲੇ ਪਏ ਹੋਏ ਹਨ, ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਯੂਨੀਵਰਸਿਟੀ ਵਿਕਣ ਤੱਕ ਦੀ ਨੌਬਤ ਆ ਜਾਵੇਗੀ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਕਿਸਾਨ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਸ਼ਾਸਨ 'ਚ ਤਣਾਅ, ਜਾਣੋ ਵਜ੍ਹਾ

ਚੰਨੀ ਸਰਕਾਰ ਵੱਲੋਂ ਪਾਸ ਕੀਤੀ ਗ੍ਰਾਂਟ ਨਵੀਂ ਸਰਕਾਰ ਤੋਂ ਲੈਣ ਦੇ ਕਰਾਂਗੇ ਯਤਨ : ਡਾ. ਅਰਵਿੰਦ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਪਿਛਲੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਚੰਨੀ ਸਰਕਾਰ ਨੇ 390 ਕਰੋੜ ਦੀ ਗ੍ਰਾਂਟ ਯੂਨੀਵਰਸਿਟੀ ਦੀ ਬਿਹਤਰੀ ਲਈ ਪਾਸ ਕੀਤੀ ਸੀ। ਇਸ ਸਬੰਧੀ ਸਰਕਾਰ ਨੇ ਉਨ੍ਹਾਂ ਨੂੰ ਚਿੱਠੀ ਵੀ ਭੇਜੀ ਸੀ। ਇਸ ਗ੍ਰਾਂਟ ਨੂੰ ਲੈਣ ਲਈ ਅਸੀਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਪਰਕ ਕਰਾਂਗੇ ਤਾਂ ਜੋ ਯੂਨੀਵਰਸਿਟੀ ਨੂੰ ਮੁੜ ਲੀਹਾਂ 'ਤੇ ਲਿਆਂਦਾ ਜਾ ਸਕੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal