ਪੰਜਾਬੀ ’ਚ ਚਿੱਠੀ ਲਿਖਣਾ ਤੌਹੀਨ ਸਮਝਣ ਵਾਲੇ ਵਿਧਾਇਕ ਦੱਸਣ ਕਿ ਵੋਟਾਂ ਕਿਸ ਜ਼ਬਾਨ ਵਿੱਚ ਮੰਗੀਆਂ ਸਨ: ਗਿੱਲ

09/26/2021 4:47:04 PM

ਮੁਲਾਂਪੁਰ ਦਾਖਾ (ਕਾਲੀਆ): ਪੰਜਾਬ ਕੈਬਨਿਟ ਵਿੱਚ ਇੱਕ ਤਜ਼ਵੀਜ਼ ਸ਼ੁਦਾ ਮੰਤਰੀ ਦੇ ਵਿਰੋਧ ਵਿੱਚ ਦੋਆਬੇ ਦੇ ਸੱਤ ਵਿਧਾਇਕਾਂ ਦੀ ਅੰਗਰੇਜ਼ੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੇ ਨਾਮ ਲਿਖੀ ਚਿੱਠੀ ਤੇ ਸਖ਼ਤ ਇਤਰਾਜ਼ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਧਾਇਕ ਸਾਹਿਬਾਨ ਆਪਣੇ ਸੰਵਿਧਾਨਕ ਰੁਤਬੇ ਕਾਰਨ ਭਾਵੇਂ ਸਤਿਕਾਰਯੋਗ ਹਨ ਪਰ ਮਾਤ ਭਾਸ਼ਾ ਦੀ ਵਰਤੋਂ ਨਾ ਕਰਨਾ ਇਸ ਪੰਜਾਬ ਦੀ ਬੇਅਦਬੀ ਹੈ ਜੋ ਕਿ ਕਿਸੇ ਵੀ ਰੂਪ ਵਿੱਚ ਪ੍ਰਵਾਨਣ ਯੋਗ ਨਹੀਂ ਹੈ। 

ਉਨ੍ਹਾਂ ਕਿਹਾ ਹੈ ਕਿ ਇਹ ਵਿਧਾਇਕ ਇਹ ਦੱਸਣ ਕਿ ਲੋਕਾਂ ਤੋਂ ਵੋਟਾਂ ਕਿਸ ਭਾਸ਼ਾ ’ਚ ਮੰਗੀਆਂ ਸਨ। ਜੇਕਰ ਇਨ੍ਹਾਂ ਨੂੰ ਅੰਗਰੇਜ਼ੀ ਨਾਲ ਏਨਾ ਹੀ ਪਿਆਰ ਹੈ ਤਾਂ 2022 ਦੀਆਂ ਚੋਣਾਂ ਵਿੱਚ ਲੋਕਾਂ ਤੋਂ ਵੋਟਾਂ ਵੀ ਅੰਗਰੇਜ਼ੀ ਵਿੱਚ ਮੰਗਣ। ਪਤਾ ਲੱਗੇਗਾ ਕਿ ਲੋਕ ਇਨ੍ਹਾਂ ਨੂੰ ਕੀ ਜੁਆਬ ਦੇਣਗੇ। ਕੱਕੜਵਾਲ (ਸੰਗਰੂਰ) ਦੇ ਜੰਮੇ ਨਵਜੋਤ ਸਿੰਘ ਸਿੱਧੂ ਨੂੰ ਜੇ ਰਾਮਗੜ੍ਹ (ਕਪੂਰਥਲਾ) ਦਾ ਸੁਖਪਾਲ ਸਿੰਘ ਜਾਂ ਜੰਡਿਆਲੇ (ਜਲੰਧਰ) ਦਾ ਬਾਵਾ ਹੈਨਰੀ ਅੰਗਰੇਜ਼ੀ ’ਚ ਚਿੱਠੀ ਲਿਖੇਗਾ ਤਾਂ ਸਾਡਾ ਸਾਰੇ ਪੰਜਾਬੀਆਂ ਦਾ ਚਿੰਤਾਤਨਰ ਹੋਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਸਲਾ ਰਾਣਾ ਗੁਰਜੀਤ ਸਿੰਘ ਜਾਂ ਕਿਸੇ ਹੋਰ ਦੀ ਵਿਰੋਧਤਾ ਰੋਕਣਾ ਨਹੀਂ, ਪੰਜਾਬੀ ਭਾਸ਼ਾ ਦੀ ਬੇਹੁਰਮਤੀ ਵੱਲ ਪੰਜਾਬੀਆਂ ਦਾ ਧਿਆਨ ਦਿਵਾਉਣਾ ਹੈ। ਪ੍ਰੋ: ਗਿੱਲ ਨੇ ਕਿਹਾ ਕਿ ਨਵਜੋਤ ਸਿੰਘ ਇਨ੍ਹਾਂ ਭਰਾਵਾਂ ਦੀ ਅਰਜ਼ੀ ਮੋੜ ਕੇ ਪੰਜਾਬੀ ’ਚ ਲਿਖ ਕੇ ਲਿਆਉਣ ਲਈ ਆਦੇਸ਼ ਜਾਰੀ ਕਰਨ।

Shyna

This news is Content Editor Shyna