ਪੰਜਾਬ ਵਿਧਾਨ ਸਭਾ : ਇਮਰਾਨ ਖਾਨ ਦੇ ਮੁੱਦੇ ’ਤੇ ਅਕਾਲੀ-ਭਾਜਪਾ ਨੇ ਕੀਤਾ ਵਾਕਆਊਟ

02/21/2019 12:39:33 AM

ਚੰਡੀਗਡ਼੍ਹ,(ਰਮਨਜੀਤ)–  ਅਕਾਲੀ-ਭਾਜਪਾ ਵਿਧਾਇਕਾਂ ਨੇ ਆਪਣੇ ਪ੍ਰਸਤਾਵ ਨੂੰ ਮਨਜ਼ੂਰ ਨਾ ਕੀਤੇ ਜਾਣ ਦੇ ਰੋਸ  ਵਜੋਂ ਵਿਧਾਨ ਸਭਾ ’ਚੋਂ ਵਾਕਆਊਟ ਕਰ ਦਿੱਤਾ। ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੇ ਇਮਰਾਨ ਖਾਨ ਦੇ ਵੀਡੀਓ ਤੋਂ ਬਾਅਦ ਨਿੰਦਾ ਅਤੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਲਈ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਸਪੀਕਰ ਵੱਲੋਂ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਬਾਅਦ ’ਚ ਕਾਰਵਾਈ ਦੌਰਾਨ ਸਪੀਕਰ ਵੱਲੋਂ ਉਕਤ ਪ੍ਰਸਤਾਵ ਸਬੰਧੀ ਆਪਣਾ ਫੈਸਲਾ ਵੀ ਸੁਣਾਇਆ ਗਿਆ, ਜਿਸ ’ਚ ਉਕਤ ਪ੍ਰਸਤਾਵ ਰੱਦ ਕਰਨ ਦੀ ਗੱਲ ਕਹੀ ਗਈ।
ਸਦਨ ਤੋਂ ਵਾਕਆਊਟ ਕਰ ਕੇ ਬਾਹਰ ਆਏ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ  ਬੀਤੀ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਤੋਂ ਬਾਅਦ  ਵਿਧਾਨ ਸਭਾ ’ਚ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਸਦਨ ’ਚ ਇਹ ਵੀ ਕਿਹਾ ਸੀ ਕਿ ਲੋਕ ਕਾਂਗਰਸ  ਤੋਂ ਦੇਸ਼ ਭਗਤੀ ਵਾਲਾ ਫੈਸਲਾ ਚਾਹੁੰਦੇ ਹਨ ਤਾਂ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੀਡੀਓ ਵਾਲੇ ਬਿਆਨ ਦਾ ਜਵਾਬ ਦਿੱਤਾ ਜਾ ਸਕੇ।
ਸਦਨ ’ਚ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਢੀਂਡਸਾ ਨੇ ਉਕਤ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਸਪੀਕਰ ਤੋਂ ਮੰਗੀ ਤਾਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਭੇਜਿਆ ਗਿਆ ਪ੍ਰਸਤਾਵ ਹਾਲੇ ਵਿਚਾਰ ਅਧੀਨ ਹੈ ਅਤੇ ਉਸ ’ਤੇ ਉਹ ਛੇਤੀ ਹੀ ਫੈਸਲਾ ਦੇਣਗੇ। ਇਸ ਤੋਂ ਬਾਅਦ ਵੀ ਢੀਂਡਸਾ ਪ੍ਰਸਤਾਵ ਪੇਸ਼ ਕਰਨ ’ਤੇ ਅਡ਼ੇ ਰਹੇ।
ਸੱਤਾ ਧਿਰ ਵੱਲੋਂ ਖਡ਼੍ਹੇ ਹੋ ਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਪ੍ਰਸਤਾਵ ਲਿਆਉਣ ਦੇ ਤਰੀਕੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਸ ਪਾਰਟੀ ਦੇ ਲੋਕਾਂ ਵੱਲੋਂ ਕਾਂਗਰਸ ਨੂੰ ਦੇਸ਼ ਭਗਤੀ ਦਾ ਪ੍ਰਮਾਣ ਪੱਤਰ ਨਹੀਂ ਚਾਹੀਦਾ ਹੈ, ਜਿਸ ਦੇ ਪ੍ਰਧਾਨ ਨੇ ਭਾਰਤ ਦੇ ਸੰਵਿਧਾਨ ਨੂੰ ਪਾਡ਼ ਕੇ ਸਾਡ਼ਿਆ ਹੋਵੇ। ਚੰਨੀ ਨੇ ਕਿਹਾ ਕਿ ਪ੍ਰਸਤਾਵ ਲਿਆਉਣਾ ਹੀ ਹੈ ਤਾਂ ਉਸ ਦਾ ਪ੍ਰੋਸੀਜ਼ਰ ਫਾਲੋ ਕਰੋ। ਉਥੇ ਹੀ, ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਸਤਾਵ ਤਾਂ ਦੂਰ ਦੀ ਗੱਲ ਹੈ, ਆਓ ਅਸੀਂ ਸਭ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੱਲਦੇ ਹਾਂ ਅਤੇ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੀ ਅਗਵਾਈ ਦਿਖਾਉਣ ਅਤੇ ਉਨ੍ਹਾਂ ਦੀ ਹੀ ਤਰ੍ਹਾਂ ਪਾਕਿਸਤਾਨ ਦੇ ਦੋ ਟੁਕਡ਼ੇ ਹੋਰ ਕਰ ਦਿਓ। ਇਸ ਨਾਲ ਹੀ ਰੰਧਾਵਾ ਨੇ ਕਿਹਾ ਕਿ ਜੋ ਜੈਸ਼-ਏ-ਮੁਹੰਮਦ ਚੀਫ ਹਾਫਿਜ਼ ਸਈਦ ਨੂੰ ਜਹਾਜ਼ ’ਚ ਬਿਠਾ ਕੇ ਛੱਡ ਕੇ ਆਏ ਸਨ ਅਤੇ ਹੁਣ ਉਹੀ ਕਾਂਗਰਸ ਨੂੰ ਦੇਸ਼ ਭਗਤੀ ਸਿਖਾ ਰਹੇ ਹਨ। ਉਨ੍ਹਾਂ  ਇਸ ਨਾਲ ਸਬੰਧਤ ਇਕ ਤਸਵੀਰ ਵੀ ਸਪੀਕਰ ਦੀ ਇਜਾਜ਼ਤ ਨਾਲ ਸਦਨ  ’ਚ ਰੱਖੀ। ਉਧਰ, ਪ੍ਰਸਤਾਵ ਪੇਸ਼ ਕਰਨ ਦੀ ਇਜਾਜ਼ਤ ਨਾ ਮਿਲਣ ’ਤੇ ਅਕਾਲੀ-ਭਾਜਪਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ।
ਇਸ ਤੋਂ  ਪਹਿਲਾਂ ਗੰਨਾ ਕਿਸਾਨਾਂ ਦੀ ਪ੍ਰੇਸ਼ਾਨੀ ਦਾ ਮੁੱਦਾ ਚੁੱਕਦੇ ਹੋਏ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਦੇ ਗੰਨਾ ਉਤਪਾਦਕ ਕਿਸਾਨ ਚੀਨੀ ਮਿੱਲਾਂ ਤੋਂ ਸਮੇਂ ’ਤੇ ਭੁਗਤਾਨ ਨਾ  ਹੋਣ ਤੋਂ ਬੇਹੱਦ ਦੁਖੀ ਹਨ ਅਤੇ ਸਡ਼ਕਾਂ ’ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਲਾਉਣ ਲਈ ਮਜਬੂਰ ਹਨ। ਚੀਮਾ ਨੇ ਕਿਹਾ ਕਿ ਸਿਰਫ ਧੂਰੀ ਦੀ ਪ੍ਰਾਈਵੇਟ ਖੰਡ ਮਿੱਲ ਵੱਲ ਹੀ ਕਿਸਾਨਾਂ ਦਾ ਲਗਭਗ 60 ਕਰੋਡ਼ ਰੁਪਿਆ ਬਕਾਇਆ ਹੈ, ਜਦੋਂਕਿ ਸਾਰੀਆਂ ਖੰਡ ਮਿੱਲਾਂ  ਵੱਲ ਲਗਭਗ 700 ਕਰੋਡ਼ ਰੁਪਏ ਦਾ ਬਕਾਇਆ ਪਿਛਲੇ ਕਈ ਸਾਲਾਂ ਤੋਂ ਖਡ਼੍ਹਾ ਹੈ। ਇਸ ਮੌਕੇ ਸਦਨ ’ਚ ਨਾਅਰੇਬਾਜ਼ੀ ਅਤੇ ਸ਼ੋਰ-ਸ਼ਰਾਬਾ ਕਰ ਰਹੇ ਅਕਾਲੀ-ਭਾਜਪਾ  ਵਿਧਾਇਕਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਵਿਧਾਇਕਾਂ ਵੱਲੋਂ ਕਿਸਾਨਾਂ ਦੀ ਗੱਲ ’ਚ ਅਡ਼ਚਨ ਖਡ਼੍ਹੀ ਕਰਨ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ-ਭਾਜਪਾ ਕਿਸਾਨ ਵਿਰੋਧੀ ਪਾਰਟੀਆਂ ਹਨ। ਚੀਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ  ਪਹਿਲ ਦੇ ਆਧਾਰ ’ਤੇ ਗੰਨਾ ਉਤਪਾਦਕਾਂ ਦੇ ਬਕਾਏ ਦਾ ਤੁਰੰਤ ਭੁਗਤਾਨ ਕਰਵਾਇਆ ਜਾਵੇ।

Bharat Thapa

This news is Content Editor Bharat Thapa