ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਹੜਤਾਲ ਦੇ ਦੂਸਰੇ ਦਿਨ ਕੀਤਾ ਵੱਡਾ ਰੋਸ ਪ੍ਰਦਰਸ਼ਨ

07/09/2021 2:33:23 PM

ਫਿਰੋਜ਼ਪੁਰ (ਕੁਮਾਰ,ਹਰਚਰਨ, ਬਿੱਟੂ): ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਸੱਦੇ ਤੇ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਕਲਮ ਛੋੜ ਅਤੇ ਕੰਮ ਛੋੜ ਹੜਤਾਲ ਰਹੀ ਅਤੇ ਸਾਰਾ ਸਰਕਾਰੀ ਕੰਮ ਕਾਜ ਠੱਪ ਰਿਹਾ। ਇਸ ਕਲਮ ਛੋੜ ਹੜਤਾਲ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੈਕੜੇ ਕਰਮਚਾਰੀਆਂ ਵੱਲ ਜ਼ਬਰਦਸਤ ਅਰਥੀ ਫੂਕ ਮੁਜ਼ਾਹਰਾ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਖਾਲੀ ਪੀਪੇ ਖੜਕਾਏ ਗਏ। ਰੋਸ ਮੁਜ਼ਾਹਰੇ ਦੀ ਅਗਵਾਈ ਸਾਂਝੇ ਫਰੰਟ ਦੇ ਕਨਵੀਨਰਜ਼ ਅਜਮੇਰ ਸਿੰਘ, ਰਾਮ ਪ੍ਰਸ਼ਾਦ, ਮਨਹੋਰ ਲਾਲ, ਕ੍ਰਿਸ਼ਨ ਚੰਦ ਜਾਗੋਵਾਲੀਆ, ਰਾਕੇਸ਼ ਕੁਮਾਰ, ਅਜੀਤ ਸਿੰਘ ਸੋਢੀ ਵੱਲੋ ਕੀਤੀ ਗਈ।

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਹਿੱਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਧੋਖਾ ਕਰਨ ਦੀ ਨੀਤੀ ਖ਼ਿਲਾਫ਼ ਸਥਾਨਕ ਡੀ.ਸੀ. ਕੰਪਲੈਕਸ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕਰਕੇ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਜੁਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਪੇ-ਕਮਿਸ਼ਨ ਵਿਚ ਜਲਦੀ ਹੀ ਸੋਧ ਕਰਨ ਅਤੇ 3.01 ਦੇ ਫਾਰਮੂਲੇ ਨਾਲ ਤਨਖਾਹ ਸਕੇਲ ਲਾਗੂ ਕਰਨ, ਨਹੀਂ ਮੁਲਾਜ਼ਮ ਜਥੇਬੰਦੀ ਵੱਲੋ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ, ਜਦਕਿ ਦੂਜੇ ਪਾਸੇ ਸਰਕਾਰੀ ਖ਼ਜ਼ਾਨੇ ’ਚੋਂ ਆਪਣੀਆਂ ਪੈਨਸ਼ਨਾਂ ਆਪਣੇ ਭੱਤੇ ਲਗਾਤਾਰ ਵਧਾਏ ਜਾ ਰਹੇ ਹਨ, ਲਗਜ਼ਰੀ ਕਾਰਾਂ, ਫਲੈਟਸ, ਮੰਤਰੀ ਮੰਡਲ ਨੂੰ ਹਰ ਤਰ੍ਹਾਂ ਦੀਆਂ ਖੁੱਲ੍ਹੀਆਂ ਛੋਟਾਂ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵਲੋਂ 14-15 ਜੁਲਾਈ ਨੂੰ 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ 29 ਜੁਲਾਈ ਨੂੰ ਮੁੱਖ ਮੰਤਰੀ ਦੇ ਹਲਕੇ ਵਿਚ ਮਹਾਂ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਇਕੱਤਰ ਹੋਏ ਸੈਕੜੇ ਮੁਲਾਜ਼ਮਾ ਜੀ.ਟੀ. ਰੋਡ ਤੇ ਚੱਕਾ ਜਾਮ ਕਰਕੇ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਖਿਲਾਫ ਡੱਟ ਕੇ ਪਿੱਟ ਸਿਆਪਾ ਕੀਤਾ ਗਿਆ।

Shyna

This news is Content Editor Shyna