ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਕਰਮਚਾਰੀਆਂ ਵੱਲੋਂ 23 ਨੂੰ ਚੱਕਾ ਜਾਮ ਕਰਨ ਦਾ ਐਲਾਨ

06/21/2022 6:01:25 PM

ਬੁਢਲਾਡਾ (ਬਾਂਸਲ) : ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ‘ਤਨਖਾਹ ਨਹੀਂ ਤਾਂ ਕੰਮ ਨਹੀਂ’ ਦਾ ਨਾਅਰਾ ਬੁਲੰਦ ਕਰਦਿਆਂ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੱਸ ਸਟੈਂਡ ’ਤੇ ਧਰਨੇ ਦੌਰਾਨ ਬੋਲਦਿਆਂ ਪ੍ਰਧਾਨ ਗੁਰਸੇਵਕ ਸਿੰਘ ਗਿੱਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਾਲਾਤ ‘ਆਪ’ ਸਰਕਾਰ ਵਲੋਂ ਪੈਦਾ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਸੰਘਰਸ਼ ਦੇ ਨਾਲ-ਨਾਲ ਹੁਣ ਹਰ ਮਹੀਨੇ ਪਨਬੱਸ ਅਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਦੀਆਂ ਤਨਖਾਹਾ ਬਹੁਤ ਹੀ ਲੇਟ ਅਦਾ ਕੀਤੀਆਂ ਜਾ ਰਹੀਆਂ ਹਨ। ਤਨਖਾਹ ਪਵਾਉਣ ਲਈ ਵੀ ਰੋਸ ਮੁਜ਼ਾਹਰੇ ਜਾਂ ਹੜਤਾਲ ਕਰਨੀ ਪੈਂਦੀ ਹੈ।

ਜਥੇਬੰਦੀ ਵੱਲੋਂ ਵਾਰ-ਵਾਰ ਉੱਚ ਅਧਿਕਾਰੀਆਂ ਨਾਲ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਸੰਪਰਕ ਕਰਨ ’ਤੇ ਵੀ ਹੁਣ ਤੱਕ ਤਨਖਾਹਾ ਨਾ ਆਉਣ ਕਾਰਨ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਤੋਂ ਵੀ ਬਾਅਦ ਜੇਕਰ ਤਨਖਾਹ ਨਹੀਂ ਆਉਦੀ ਤਾਂ 23 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਤੇ ਪੀ. ਆਰ. ਟੀ. ਸੀ. ਦਾ ਚੱਕਾ ਜਾਮ ਕਰਨਗੇ। ਜਥੇਬੰਦੀ ਵੱਲੋਂ ਪੰਜਾਬ ਭਰ ’ਚ ਬੱਸਾਂ ਟੇਢੀਆਂ ਲਾ ਕੇ ਪੰਜਾਬ ਬਲੌਕ ਕਰਨ ਅਤੇ ਕਿਸੇ ਵੀ ਮੰਤਰੀ ਦੀ ਕੋਠੀ ਦਾ ਘਿਰਾਓ, ਜਦੋਂ ਤੱਕ ਤਨਖਾਹ ਨਹੀਂ ਆਵੇਗੀ, ਉਦੋਂ ਤੱਕ ਕਰਨ ਦਾ ਐਲਾਨ ਕੀਤਾ। ਇਹ ਸੰਘਰਸ਼ ਤਨਖਾਹ ਨਾ ਆਉਣ ਤੱਕ ਜਾਰੀ ਰਹੇਗਾ। ਇਸ ਮੌਕੇ ਸੈਕਟਰੀ ਜਸਵਿੰਦਰ ਸਿੰਘ, ਮੀਤ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਅਗਲੇ ਮਹੀਨੇ ਤੋਂ 7 ਤਾਰੀਖ਼ ਤੋਂ ਬਾਅਦ ਗੇਟ ਰੈਲੀਆਂ ਅਤੇ 10 ਤੋਂ ਬਾਅਦ ਬੱਸ ਸਟੈਂਡ ਬੰਦ ਸਮੇਤ 15 ਤੋਂ ਮੁਕੰਮਲ ਪੰਜਾਬ ਬੰਦ ਦੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਗਰਜਾ ਸਿੰਘ, ਰਣਜੀਤ ਸਿੰਘ, ਲਾਲੀ ਸਿੰਘ, ਜਗਸੀਰ ਸਿੰਘ, ਸੁਖਚੈਨ ਸਿੰਘ ਹਾਜ਼ਰ ਸਨ।


Manoj

Content Editor

Related News