ਪੰਜਾਬ ਸਿਹਤ ਵਿਭਾਗ ''ਚ 50 ਫੀਸਦੀ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼

04/28/2021 11:43:16 AM

ਜੈਤੋ (ਪਰਾਸ਼ਰ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਵੇਖਣ ਵਿਚ ਆਇਆ ਹੈ। ਦਫਤਰ ਦੇ ਬਹੁਤ ਸਾਰੇ ਕਰਮਚਾਰੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਕਰਮਚਾਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਜਿਸ ਕਾਰਣ ਦਫ਼ਤਰ ਦਾ ਕੰਮ ਸੰਚਾਰੂ ਢੰਗ ਨਾਲ ਨਹੀ ਚੱਲ ਰਿਹਾ ਹੈ।

ਡਾਇਰੈਕਟਰ ਵੱਲੋਂ ਜਾਰੀ ਆਦੇਸ਼ ਵਿਚ ਬ੍ਰਾਂਚ ਸੁਪਰਡੈਂਟਸ ਨੂੰ ਹਦਾਇਤ ਕੀਤੀ ਹੈ ਕਿ ਕੁੱਲ ਸਟਾਫ਼ ਦੇ 50 ਫੀਸਦ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਸਟਾਫ਼ ਦਾ ਹੋਸਟਰ ਬਣਾ ਕੇ ਡਿਊਟੀ ਲਾਉਣ ਦੀ ਜ਼ਿੰਮੇਵਾਰੀ ਬ੍ਰਾਂਚ ਦੇ ਸੁਪਰਡੈਂਟ ਦੀ ਹੋਵੇਗੀ। ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੁਪਰਡੈਂਟ ਇਹ ਯਕੀਨੀ ਬਣਾਉਣਗੇ ਕਿ 50 ਫੀਸਦੀ ਸਟਾਫ ਦੀ ਡਿਊਟੀ ਲਗਾਉਣ ਉਪਰੰਤ ਬ੍ਰਾਂਚ ਦਾ ਕੋਈ ਕੰਮ ਪ੍ਰਭਾਵਿਤ ਨਹੀਂ ਹੋਵੇਗਾ। ਜੇਕਰ ਕੋਈ ਕਰਮਚਾਰੀ ਛੁੱਟੀ 'ਤੇ ਚੱਲ ਰਿਹਾ ਹੈ ਤਾਂ ਉਸ ਵੱਲੋਂ ਆਪਣੀ ਬ੍ਰਾਂਚ ਸੁਪਰਡੈਂਟ ਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਦਫ਼ਤਰ ਦਾ ਕੰਮ ਸੰਚਾਰੂ ਢੰਗ ਨਾਲ ਚੱਲ ਸਕੇ।


Shyna

Content Editor

Related News