‘ਸੰਘਰਸ਼ ਕਰ ਰਹੇ ਮਨਰੇਗਾ ਵਰਕਰਾਂ ਦੀ ਪੰਜਾਬ ਸਰਕਾਰ ਲਵੇ ਸਾਰ’

04/07/2021 3:17:38 PM

ਭਵਾਨੀਗੜ੍ਹ (ਵਿਕਾਸ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸਬੰਧੀ ਇਥੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਮਨਰੇਗਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕੰਮ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਪਾਰਟੀ ਆਗੂਆਂ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਰਾਹੀਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜਿਆ ਗਿਆ। ਇਸ ਤੋਂ ਪਹਿਲਾਂ ਸ਼ਹਿਰ ਦੀ ਅਨਾਜ ਮੰਡੀ ’ਚ ਇਕੱਠੇ ਹੋਏ ਵੱਡੀ ਗਿਣਤੀ ’ਚ ਮਨਰੇਗਾ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਬੀ. ਡੀ. ਪੀ. ਓ. ਦਫ਼ਤਰ ਵੱਲ ਰੋਸ ਮਾਰਚ ਕੱਢਿਆ।

ਇਹ ਵੀ ਪੜ੍ਹੋ- ਜਿੱਤਣ ਦੇ ਇਰਾਦੇ ਨਾਲ ਗਏ ਚਾਰ ਮਹੀਨਿਆਂ ਤੋਂ ਦਿੱਲੀਓਂ ਨਹੀਂ ਮੁੜੇ ਸੈਂਕੜੇ ਕਿਸਾਨ

ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਊਧਮ ਸਿੰਘ ਸੰਤੋਖਪੁਰਾ ਤੇ ਜ਼ਿਲ੍ਹਾ ਆਗੂ ਸੁਖਪਾਲ ਕੌਰ ਛਾਜਲੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਨਰੇਗਾ ਵਰਕਰ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਆਗੂਆਂ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੀਆਂ ਮੁੱਖ ਮੰਗਾਂ ਕਿਸੇ ਵੀ ਮੇਟ ਨੂੰ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਨਾ ਹਟਾਇਆ ਜਾਵੇ ਤੇ ਮੇਟ ਨੂੰ ਸਰਕਾਰ ਵੱਲੋਂ ਬਣਦਾ ਮਾਣ-ਭੱਤਾ ਦਿੱਤਾ ਜਾਵੇ। ਇਸ ਤੋਂ ਇਲਾਵਾ ਹਰੇਕ ਕਾਰਡਧਾਰਕ ਵਰਕਰ ਨੂੰ ਪਿੰਡਾਂ ’ਚ ਬਰਾਬਰ ਕੰਮ ਦੇਣ, ਕਿਸੇ ਵੀ ਵਰਕਰ ਨਾਲ ਕੋਈ ਵੀ ਕਾਣੀ ਵੰਡ ਨਾ ਕਰਨ, ਮਨਰੇਗਾ ਕਾਨੂੰਨ ਅਧੀਨ ਵਰਕਰਾਂ ਨੂੰ 100 ਦਿਨ ਦਾ ਰੋਜ਼ਗਾਰ ਦੇਣਾ ਯਕੀਨੀ ਬਣਾਉਣ, ਕੰਮ ਨਾ ਦੇਣ ਦੀ ਸੂਰਤ 'ਚ ਉਸ ਦਾ ਮਾਣ-ਭੱਤਾ ਦਿੱਤਾ ਜਾਵੇ, ਵਰਕਰਾਂ ਨੂੰ ਲੋੜੀਂਦੇ ਔਜ਼ਾਰ ਦੇਣ, ਕੰਮ ਵਾਲੀ ਥਾਂ ’ਤੇ ਫਸਟਏਡ ਬਾਕਸ ਦਾ ਪ੍ਰਬੰਧ ਕਰਨ, ਮਨਰੇਗਾ ਐਕਟ ਅਨੁਸਾਰ ਕੰਮ ਕਰਨ ਵਾਲੀ ਥਾਂ ’ਤੇ ਦੁਪਹਿਰ ਨੂੰ ਖਾਣ-ਪੀਣ ਲਈ ਟੈਂਟਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ, ਮੁਫ਼ਤ ਬੀਮਾ ਸਹੂਲਤ ਦੇਣ, ਹਰੇਕ ਜੌਬ ਕਾਰਡ ਵਰਕਰ ਨੂੰ ਪੂਰਾ ਸਾਲ ਕੰਮ ਦਿੱਤੇ ਜਾਣ ਵਰਗੀਆਂ ਆਦਿ ਮੰਗਾਂ ਵੀ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਕੌਰ, ਨਿਰਮਲ ਸਿੰਘ, ਮਹਿੰਦਰ ਸਿੰਘ ਘਰਾਚੋਂ ਜ਼ਿਲਾ ਆਗੂ, ਜੰਗ ਸਿੰਘ, ਪਾਲ ਕੌਰ, ਲਾਜ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ, ਰਾਮਪਾਲ ਸਿੰਘ, ਰਮਜ਼ਾਨ ਖਾਨ, ਬਿੱਕਰਜੀਤ ਸਿੰਘ, ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।


Anuradha

Content Editor

Related News