ਪੰਜਾਬ ਸਰਕਾਰ ਵਲੋਂ ਝੋਨੇ ਤੇ ਮੱਕੀ ਦੀ ਕਾਸ਼ਤ ਲਈ ਮਸ਼ੀਨਰੀ ''ਤੇ ਸਬਸਿਡੀ ਦੇਣ ਦਾ ਐਲਾਨ

05/06/2020 7:46:15 PM

ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਲੁਆਈ/ਸਿੱਧੀ ਬਿਜਾਈ ਅਤੇ ਮੱਕੀ ਦੀ ਕਾਸ਼ਤ ਨੂੰ ਹੋਰ ਵਧੇਰੇ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਉਦੇਸ਼ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਖਰੀਦ 'ਤੇ 50 ਫੀਸਦੀ ਤੱਕ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਣ ਤੋਂ ਇਲਾਵਾ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ 'ਚ ਵੀ ਮਦਦ ਮਿਲੇਗੀ। ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਵਲੋਂ ਖੇਤੀ ਮਸ਼ੀਨਰੀ 'ਤੇ ਕਿਸਾਨ ਬੀਬੀਆਂ/ਛੋਟੇ ਤੇ ਸਰਹੱਦੀ ਕਿਸਾਨਾਂ ਨੂੰ 50 ਫੀਸਦੀ ਅਤੇ ਬਾਕੀ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਾਉਣੀ ਦੌਰਾਨ ਝੋਨੇ ਤੇ ਮੱਕੀ ਦੀਆਂ ਮਸ਼ੀਨਾਂ 'ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨਾਂ ਨੂੰ 10 ਮਈ ਤੱਕ ਅਰਜ਼ੀਆਂ ਦੇਣ ਲਈ ਆਖਿਆ ਗਿਆ ਹੈ।

ਇਹ ਵੀ ਪੜ੍ਹੋ ► ਪੰਜਾਬ ਭਰ 'ਚ ਕੱਲ ਤੋਂ ਖੁੱਲ੍ਹਣਗੇ ਪਾਵਰਕਾਮ ਦੇ ਦਫਤਰ, ਇਸ ਲਈ ਲੈਣਾ ਪਿਆ ਫੈਸਲਾ...   

ਸਕੱਤਰ ਨੇ ਅੱਗੇ ਦੱਸਿਆ ਕਿ ਸਬਸਿਡੀ ਹੇਠ ਆਉਣ ਵਾਲੀ ਮਸ਼ੀਨਰੀ 'ਚ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਅਟੈਚਮੈਂਟ ਤੋਂ ਬਗੈਰ, ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਝੋਨੇ ਦੀ ਮਸ਼ੀਨੀ ਲੁਆਈ ਲਈ ਪਨੀਰੀ ਬੀਜਣ ਵਾਲੇ ਉਪਕਰਨ, ਮੱਕੀ ਦੇ ਦਾਣਿਆਂ ਨੂੰ ਸੁਕਾਉਣ ਲਈ ਮਸ਼ੀਨਾਂ (ਪੋਰਟੇਬਲ) ਅਤੇ ਮੱਕੀ ਥਰੈਸ਼ਰ/ਸ਼ੈਲਰ/ਫੋਰੇਜ਼ ਹਾਰਵੈਸਟਰ/ਮਲਟੀ ਕਰਾਪ ਥਰੈਸ਼ਰ ਆਦਿ ਸ਼ਾਮਲ ਹਨ। ਸਬਸਿਡੀ ਹਾਸਲ ਕਰਨ ਦੀ ਪ੍ਰੀਕਿਰਿਆ ਬਾਰੇ ਵਿਸਥਾਰ 'ਚ ਦੱਸਦਿਆਂ ਪੰਨੂੰ ਨੇ ਕਿਹਾ ਕਿ ਖੇਤੀ ਮਸ਼ੀਨਰੀ ਲਈ ਸਬਸਿਡੀ ਲੈਣ ਦੀ ਪ੍ਰੀਕਿਰਿਆ ਨੂੰ ਬਿਲਕੁਲ ਸਰਲ ਬਣਾਇਆ ਗਿਆ ਹੈ ਤਾਂ ਕਿ ਕੋਵਿਡ-19 ਦੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਿਸਾਨ ਸਬਸਿਡੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀਬਾੜੀ ਵਿਭਾਗ ਦੇ ਫੀਲਡ 'ਚ ਕੰਮ ਕਰਦੇ ਅਧਿਕਾਰੀਆਂ ਨੂੰ ਸਿੱਧੇ ਤੌਰ 'ਤੇ ਸਾਦੇ ਕਾਗਜ਼ ਉਪਰ, ਈ-ਮੇਲ ਜਾਂ ਵਟਸਐਪ ਜ਼ਰੀਏ ਆਪਣਾ ਬਿਨੈ-ਪੱਤਰ ਦੇ ਸਕਦੇ ਹਨ। ਸਕੱਤਰ ਨੇ ਅੱਗੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਹਾਸਲ ਕਰਨ ਬਾਰੇ ਹੋਰ ਵਧੇਰੇ ਪੁੱਛਗਿੱਛ ਲਈ ਕਿਸਾਨਾਂ ਵਲੋਂ 'ਕਿਸਾਨ ਕਾਲ ਸੈਂਟਰ' ਦੇ ਟੋਲ ਫ੍ਰੀ ਨੰਬਰ 1800-180-1551 'ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ ►  Breaking : 'ਕੋਰੋਨਾ' ਦਾ ਹੱਬ ਬਣੇ ਅੰਮ੍ਰਿਤਸਰ 'ਚ 40 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ 

Anuradha

This news is Content Editor Anuradha