ਅੱਜ ਤੋਂ ਲੋੜਵੰਦਾਂ ਲਈ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਲੰਗਰ ਸ਼ੁਰੂ

04/01/2020 4:24:18 PM

ਮਾਨਸਾ (ਮਿੱਤਲ)— ਕੋਰੋਨ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਦੇ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਘਰ 'ਚ ਵਿਹਲੇ ਬੈਠਣਾ ਪੈ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਦੋ ਸਮੇਂ ਦੀ ਰੋਟੀ ਦੀ ਚਿੰਤਾ ਸਤਾਉਣ ਲੱਗੀ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਤੋਂ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸ਼ੀਨ ਮਹੰਤ ਅਮ੍ਰਿਤ ਮੁਨੀ ਜੀ ਵੱਲੋਂ ਡੇਰੇ 'ਚ ਲੰਗਰ ਤਿਆਰ ਕਰਕੇ ਲੋੜਵੰਦਾਂ ਵਿੱਚ ਪਹੁੰਚਾਉਣ ਦਾ ਸੰਕਲਪ ਕੀਤਾ ਗਿਆ।

ਡੇਰਾ ਬਾਬਾ ਭਾਈ ਗੁਰਦਾਸ ਟਰੱਸਟ ਅਤੇ ਸਮੂਹ ਸੇਵਕਾਂ ਵੱਲੋਂ ਹਰ ਰੋਜ਼ ਦੋਵੇਂ ਟਾਈਮ ਲੰਗਰ ਤਿਆਰ ਕਰਕੇ ਲੋੜਵੰਦ ਲੋਕਾਂ 'ਚ ਵੰਡਿਆ ਜਾਵੇਗਾ ਅਤੇ ਛਕਾਇਆ ਜਾਵੇਗਾ ਤਾਂ ਜੋ ਮਾਨਸਾ ਖੁਰਦ ਅਤੇ ਮਾਨਸਾ ਸ਼ਹਿਰ 'ਚ ਕੋਈ ਵੀ ਪਰਿਵਾਰ ਭੁੱਖਾ ਨਾ ਰਹਿ ਸਕੇ।  ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਸਾਨੂੰ ਸਭ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ-ਆਪਣੇ ਘਰਾਂ 'ਚ ਬੈਠ ਕੇ ਹੀ ਇਸ ਨਾਮੁਰਾਦ ਬੀਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਹ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪ ਅਤੇ ਆਪਣੇ ਪਰਿਵਾਰਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਆਪਣੇ-ਆਪਣੇ ਘਰਾਂ 'ਚ ਬੈਠ ਕੇ ਹੀ ਸਿਮਰਨ ਭਜਨ ਬੰਦਗੀ ਕਰਨ। 

ਸਰਕਾਰ ਅਤੇ ਪ੍ਰਸ਼ਾਸ਼ਨਿਕ, ਸਿਹਤ ਮਹਿਕਮਾ ਦੀਆਂ ਹਦਾਇਤਾਂ ਦਾ ਪਾਲਣ ਕਰਨ। ਮਹੰਤ ਅਮ੍ਰਿਤ ਮੁਨੀ ਜੀ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਮਾਨਸਾ ਦੀ ਸੀਨੀਅਰ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਵੱਲੋਂ ਖੁਦ ਨਿੱਜੀ ਦਿਲਚਸਪੀ ਲੈ ਕੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਵਧਾਈ ਦੇ ਪਾਤਰ ਹਨ ਅਤੇ ਡੇਰੇ ਵੱਲੋਂ ਜਿਲ੍ਹਾ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।  ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸਬਜੀ ਦੇ ਕੇ ਲੰਗਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੌਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ, ਸੁਰਿੰਦਰ ਭੰਮਾ, ਸੁਰਿੰਦਰ ਮੀਰਪੁਰੀਆ, ਲੱਕੀ ਜਨਤਾ ਕਾਲੋਨੀ ਵਾਲੇ, ਰਾਧੇ ਸ਼ਿਆਮ, ਗੁਰੀ ਖੋਖਰ ਵੀ ਮੌਜੂਦ ਸਨ।


shivani attri

Content Editor

Related News